RBI ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਜਾਰੀ, ਜਾਣੋ ਕੀ ਹੋਵੇਗਾ ਅਸਰ

07/15/2022 2:58:59 PM

ਨਵੀਂ ਦਿੱਲੀ (ਭਾਸ਼ਾ) – ਰਿਜ਼ਰਵ ਬੈਂਕ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਥੰਮਣ ਦਾ ਨਾਂ ਨਹੀਂ ਲੈ ਰਹੀ। ਅੱਜ ਫਾਰੈਕਸ ਮਾਰਕੀਟ ’ਚ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ 80 ਦੇ ਕਰੀਬ ਯਾਨੀ 79.88 ਰੁਪਏ ਤੱਕ ਚਲੀ ਗਈ, ਜੋ ਹੁਣ ਤੱਕ ਦਾ ਰਿਕਾਰਡ ਹੇਠਲਾ ਪੱਧਰ ਹੈ। 

ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀ ਸਮੱਗਲਿੰਗ ’ਤੇ ਕੱਸਿਆ ਜਾਵੇਗਾ ਸ਼ਿਕੰਜਾ! ਇਨ੍ਹਾਂ ਉਤਪਾਦਾਂ ਦੀ ਹੋਵੇਗੀ ਨਿਗਰਾਨੀ

ਦਰਅਸਲ ਅਮਰੀਕਾ ’ਚ ਮਹਿੰਗਾਈ ਦਰ 9.1 ਫੀਸਦੀ ਨਾਲ 41 ਸਾਲਾਂ ਦੇ ਸਿਖਰ ’ਤੇ ਹੈ ਅਤੇ ਗਲੋਬਲ ਮਾਰਕੀਟ ’ਚ ਜਾਰੀ ਉਤਰਾਅ-ਚੜ੍ਹਾਅ ਦਰਮਿਆਨ ਡਾਲਰ ਦੀ ਮੰਗ ਵਧਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਹੈ, ਜਿਸ ਨੇ ਰੂਸ ’ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ ਅਤੇ ਟ੍ਰੇਡਿੰਗ ਲਈ ਡਾਲਰ ਦੀ ਮੰਗ ਲਗਾਤਾਰ ਵਧ ਰਹੀ ਹੈ, ਜਿਸ ਨਾਲ ਡਾਲਰ 29 ਸਾਲ ਦੀ ਸਭ ਤੋਂ ਮਜ਼ਬੂਤ ਸਥਿਤੀ ’ਚ ਪਹੁੰਚ ਗਿਆ ਹੈ। ਇਸ ਦਾ ਸਿੱਧਾ ਅਸਰ ਰੁਪਏ ’ਤੇ ਵੀ ਦਿਖਾਈ ਦੇ ਰਿਹਾ ਹੈ।

ਨਿਵੇਸ਼ਕਾਂ ’ਤੇ ਕਿਵੇਂ ਅਸਰ ਪਾ ਰਿਹੈ ਕਮਜ਼ੋਰ ਰੁਪਇਆ

ਰੂਸ ਤੋਂ ਯੂਰਪੀ ਦੇਸ਼ਾਂ ਨੂੰ ਗੈਸ ਦੀ ਸਪਲਾਈ ਰੁਕ ਗਈ ਹੈ ਅਤੇ ਉੱਥੇ ਮੰਦੀ ਦਾ ਖਦਸ਼ਾ ਜ਼ਿਆਦਾ ਵਧ ਗਿਆ ਹੈ। ਇਹੀ ਕਾਰਨ ਹੈ ਕਿ ਗਲੋਬਲ ਮਾਰਕੀਟ ’ਚ ਨਿਵੇਸ਼ਕ ਹਾਲੇ ਯੂਰੋ ਅਤੇ ਹੋਰ ਮੁਦਰਾਵਾਂ ਦੀ ਥਾਂ ਡਾਲਰ ਖਰੀਦ ਰਹੇ ਹਨ। ਇਸ ਨਾਲ ਅਮਰੀਕੀ ਡਾਲਰ ਦੀ ਮੰਗ ਵਧ ਰਹੀ ਹੈ ਅਤੇ ਉਸ ’ਚ ਲਗਾਤਾਰ ਮਜ਼ਬੂਤੀ ਆ ਰਹੀ ਹੈ। ਭਾਰਤੀ ਨਿਵੇਸ਼ਕਾਂ ਨੂੰ ਵੀ ਇਸ ਬਾਰੇ ਇਹੀ ਸਲਾਹ ਹੈ ਕਿ ਫਿਲਹਾਲ ਡਾਲਰ ਕੇਂਦਰਿਤ ਬਦਲਾਂ ’ਚ ਹੀ ਨਿਵੇਸ਼ ਕਰਨ ਕਿਉਂਕਿ ਭਾਰਤੀ ਮੁਦਰਾ ’ਚ ਹਾਲੇ ਸੁਧਾਰ ਦੀ ਗੁੰਜਾਇਸ਼ ਨਹੀਂ ਦਿਖਾਈ ਦਿੰਦੀ।

ਇਹ ਵੀ ਪੜ੍ਹੋ : ਚੀਨੀ ਕੰਪਨੀ OPPO ਨੇ 4,389 ਕਰੋੜ ਰੁਪਏ ਦੀ ਕਸਟਮ ਡਿਊਟੀ ਦੀ ਕੀਤੀ ਚੋਰੀ

ਕਿੱਥੇ ਅਤੇ ਕਿਸ ’ਤੇ ਹੋਵੇਗਾ ਅਸਰ

-ਸਭ ਤੋਂ ਪਹਿਲਾਂ ਤਾਂ ਰੁਪਇਆ ਡਿਗਣ ਨਾਲ ਦਰਾਮਦ (ਇੰਪੋਰਟ) ਮਹਿੰਗੀ ਹੋ ਜਾਵੇਗੀ ਕਿਉਂਕਿ ਭਾਰਤੀ ਦਰਾਮਦਕਾਰਾਂ ਨੂੰ ਹੁਣ ਡਾਲਰ ਦੇ ਮੁਕਾਬਲੇ ਜ਼ਿਆਦਾ ਰੁਪਇਆ ਖਰਚ ਕਰਨਾ ਪਵੇਗਾ।

-ਭਾਰਤ ਆਪਣੀ ਕੁੱਲ ਖਪਤ ਦਾ 85 ਫੀਸਦੀ ਕੱਚਾ ਤੇਲ ਇੰਪੋਰਟ ਕਰਦਾ ਹੈ, ਜਿਸ ਨਾਲ ਡਾਲਰ ’ਤੇ ਦਬਾਅ ਹੋਰ ਵਧੇਗਾ।

-ਈਂਧਨ ਮਹਿੰਗਾ ਹੋਇਆ ਤਾਂ ਮਾਲ-ਢੁਆਈ ਦੀ ਲਾਗਤ ਵਧ ਜਾਵੇਗੀ, ਜਿਸ ਨਾਲ ਰੋਜ਼ਾਨਾ ਦੀ ਖਪਤ ਵਾਲੀਆਂ ਵਸਤਾਂ ਦੇ ਰੇਟ ਵਧਣਗੇ ਅਤੇ ਆਮ ਆਦਮੀ ’ਤੇ ਮਹਿੰਗਾਈ ਦਾ ਬੋਝ ਵੀ ਹੋਰ ਵਧ ਜਾਵੇਗਾ।

-ਵਿਦੇਸ਼ਾਂ ’ਚ ਪੜ੍ਹਾਈ ਕਰਨ ਵਾਲਿਆਂ ’ਤੇ ਵੀ ਇਸ ਦਾ ਅਸਰ ਪਵੇਗਾ ਅਤੇ ਉਨ੍ਹਾਂ ਦਾ ਖਰਚਾ ਵਧ ਜਾਵੇਗਾ ਕਿਉਂਕਿ ਹੁਣ ਡਾਲਰ ਦੇ ਮੁਕਾਬਲੇ ਉਨ੍ਹਾਂ ਨੂੰ ਜ਼ਿਆਦਾ ਰੁਪਏ ਖਰਚ ਕਰਨੇ ਪੈਣਗੇ।

-ਚਾਲੂ ਖਾਤੇ ਦਾ ਘਾਟਾ ਵਧ ਜਾਵੇਗਾ, ਜੋ ਪਹਿਲਾਂ ਹੀ 40 ਅਰਬ ਡਾਲਰ ਪਹੁੰਚ ਗਿਆ ਹੈ। ਪਿਛਲੇ ਸਾਲ ਇਸੇ ਮਿਆਦ ’ਚ ਇਹ 55 ਅਰਬ ਡਾਲਰ ਸਰਪਲੱਸ ਸੀ।

ਇਹ ਵੀ ਪੜ੍ਹੋ : ਵਿਵਾਦਾਂ 'ਚ SpiceJet, 2 ਘੰਟੇ ਲੇਟ ਲੈਂਡ ਹੋਈ ਉਡਾਣ ਦੇ 50 ਯਾਤਰੀਆਂ ਦਾ ਸਾਮਾਨ ਗ਼ਾਇਬ

ਭਾਰਤੀ ਕੰਪਨੀਆਂ ’ਤੇ ਵਧੇਗਾ ਬੋਝ

ਭਾਰਤੀ ਕੰਪਨੀਆਂ ਨੇ ਵਿਦੇਸ਼ੀ ਬਾਜ਼ਾਰਾਂ ਤੋਂ ਵੱਡੀ ਮਾਤਰਾ ’ਚ ਕਰਜ਼ਾ ਚੁੱਕਿਆ ਹੈ। ਇਕ ਅਨੁਮਾਨ ਮੁਤਾਬਕ ਭਾਰਤੀ ਕਾਰਪੋਰੇਟ ਜਗਤ ’ਤੇ ਦਸੰਬਰ 2021 ਤੱਕ ਕਰੀਬ 226.4 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਸੀ। ਡਾਲਰ ਦੇ ਮੁਕਾਬਲੇ ਰੁਪਇਆ ਇੰਝ ਹੀ ਡਿਗਦਾ ਰਿਹਾ ਤਾਂ ਇਸ ਕਰਜ਼ੇ ਦੇ ਵਿਆਜ ਦਾ ਭੁਗਤਾਨ ਕਰਨ ’ਚ ਕੰਪਨੀਆਂ ਨੂੰ ਕਾਫੀ ਮੁਸ਼ਕਲ ਆਵੇਗੀ ਕਿਉਂਕਿ ਰੁਪਏ ਦੀ ਕਮਜ਼ੋਰੀ ਨਾਲ ਉਨ੍ਹਾਂ ਦੀ ਵਿਆਜ ਅਦਾਇਗੀ ਦੀ ਰਾਸ਼ੀ ਵਧ ਜਾਵੇਗੀ। ਹਾਲਾਂਕਿ ਵਿਦੇਸ਼ੀ ਬਾਜ਼ਾਰਾਂ ਤੋਂ ਭਾਰਤ ’ਚ ਰੁਪਇਆ ਭੇਜਣ ਵਾਲਿਆਂ ਨੂੰ ਕਮਜ਼ੋਰ ਭਾਰਤੀ ਮੁਦਰਾ ਨਾਲ ਲਾਭ ਹੋਵੇਗਾ ਅਤੇ ਉਨ੍ਹਾਂ ਨੂੰ ਦੇਸ਼ ’ਚ ਇਸ ਦੀ ਵਧੇਰੇ ਕੀਮਤ ਮਿਲੇਗੀ।

ਇਹ ਵੀ ਪੜ੍ਹੋ : ਆਮਰਪਾਲੀ ਦੇ ਘਰ ਖ਼ਰੀਦਣ ਵਾਲਿਆਂ ਦੀਆਂ ਵਧੀਆਂ ਮੁਸ਼ਕਲਾਂ, ਦੇਣੇ ਪੈ ਸਕਦੇ ਹਨ ਲੱਖਾਂ ਰੁਪਏ ਵਾਧੂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News