ਬੈਂਕ ''ਚ ਇੰਝ ਜਮ੍ਹਾ ਕਰਾਓ ਪੈਸਾ, ਤੁਹਾਨੂੰ ਹੋਵੇਗਾ ਫਾਇਦਾ

04/26/2018 3:59:11 PM

ਨਵੀਂ ਦਿੱਲੀ— ਬੈਂਕਾਂ ਵੱਲੋਂ ਬਚਤ ਖਾਤੇ 'ਤੇ ਹੁਣ ਵਿਆਜ ਦਰਾਂ ਬਹੁਤ ਆਕਰਸ਼ਕ ਨਹੀਂ ਹਨ। ਲਗਭਗ ਸਾਰੇ ਬੈਂਕਾਂ ਨੇ ਬਚਤ ਖਾਤੇ 'ਤੇ ਵਿਆਜ ਦਰ 4 ਫੀਸਦੀ ਤੋਂ ਘਟਾ ਕੇ 3.50 ਫੀਸਦੀ ਕੀਤੀ ਹੋਈ ਹੈ। ਅਜਿਹੇ 'ਚ ਤੁਹਾਨੂੰ ਬਚਤ ਖਾਤੇ 'ਤੇ ਜ਼ਿਆਦਾ ਕਮਾਈ ਨਹੀਂ ਹੋਵੇਗੀ ਪਰ ਜੇਕਰ ਤੁਹਾਡੇ ਖਾਤੇ 'ਚ ਪੈਸੇ ਜ਼ਿਆਦਾਤਰ 50,000 ਰੁਪਏ ਤੋਂ ਵਧ ਰਹਿੰਦੇ ਹਨ, ਤਾਂ ਤੁਸੀਂ ਇਸ ਨੂੰ ਐੱਫ. ਡੀ. 'ਚ ਨਿਵੇਸ਼ ਕਰਕੇ ਚੰਗੀ ਕਮਾਈ ਕਰ ਸਕਦੇ ਹੋ। ਹਾਲ ਹੀ 'ਚ ਕਈ ਬੈਂਕਾਂ ਨੇ ਫਿਕਸ਼ਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਜੇਕਰ ਤੁਸੀਂ ਬਿਨਾਂ ਕੋਈ ਰਿਸਕ ਲਏ ਅਤੇ ਘੱਟ ਸਮੇਂ ਲਈ ਪੈਸਾ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਵਧੀਆ ਬਦਲ ਹੈ।

ਕਿਵੇਂ ਹੋ ਸਕਦੈ ਫਾਇਦਾ?
ਮੰਨ ਲਓ ਜੇਕਰ ਤੁਸੀਂ ਛੋਟੀ-ਛੋਟੀ ਬਚਤ ਕਰਕੇ ਖਾਤੇ 'ਚ 1 ਲੱਖ ਰੁਪਏ ਜੋੜੇ ਹਨ ਅਤੇ ਉਸ 'ਤੇ ਜ਼ਿਆਦਾ ਵਿਆਜ ਲੈਣਾ ਚਾਹੁੰਦੇ ਹੋ ਤਾਂ ਐੱਫ. ਡੀ. ਇਕ ਚੰਗਾ ਬਦਲ ਹੈ। ਹੁਣ ਜੇਕਰ ਤੁਸੀਂ ਆਪਣੀ ਬੈਂਕ 'ਚ ਇਕ ਲੱਖ ਰੁਪਏ ਦੀ ਸਾਲ ਲਈ ਐੱਫ. ਡੀ. ਕਰਾਉਂਦੇ ਹੋ ਤਾਂ ਤੁਹਾਨੂੰ 7 ਫੀਸਦੀ (ਐੱਸ. ਬੀ. ਆਈ. 'ਚ) ਵਿਆਜ ਮਿਲੇਗਾ, ਯਾਨੀ ਕਿ ਤੁਹਾਨੂੰ ਵਿਆਜ ਦੇ ਤੌਰ 'ਤੇ 7,000 ਰੁਪਏ ਤਕ ਦੀ ਕਮਾਈ ਹੋਵੇਗੀ। 1 ਲੱਖ ਰੁਪਏ ਦੀ ਐੱਫ. ਡੀ ਕਰਾਉਣ ਦਾ ਫਾਇਦਾ ਇਹ ਹੋਵੇਗਾ ਕਿ ਅਗਲੇ ਸਾਲ ਦੌਰਾਨ ਜਦੋਂ ਕੋਈ ਦਿਨ ਤਿਉਹਾਰ 'ਤੇ ਤੁਸੀਂ ਕੋਈ ਖਰਚਾ ਕਰਨਾ ਹੋਵੇ ਤਾਂ ਇਹ ਵਿਆਜ ਦੀ ਕਮਾਈ ਤੁਹਾਡੇ ਕੰਮ ਆ ਸਕਦੀ ਹੈ। ਉੱਥੇ ਹੀ, ਯੋਜਨਾਬੱਧ ਤਰੀਕੇ ਨਾਲ ਨਿਵੇਸ਼ ਕਰਨ 'ਤੇ ਤੁਹਾਨੂੰ ਜ਼ਿਆਦਾ ਫਾਇਦਾ ਮਿਲੇਗਾ। ਮੰਨ ਲਓ ਜੇਕਰ ਤੁਸੀਂ ਕੋਈ ਬੀਮਾ ਕਵਰ ਲਿਆ ਹੈ ਅਤੇ ਉਸ ਦੀ ਕਿਸ਼ਤ ਦਾ ਭੁਗਤਾਨ ਅਗਲੇ ਸਾਲ ਮਈ 'ਚ ਕਰਨਾ ਹੈ ਤਾਂ ਤੁਸੀਂ ਇਸੇ ਮਹੀਨੇ ਐੱਫ. ਡੀ. 'ਚ ਨਿਵੇਸ਼ ਕਰਕੇ ਆਪਣੀ ਕਿਸ਼ਤ ਦਾ ਭੁਗਤਾਨ ਵਿਆਜ ਦੀ ਕਮਾਈ ਨਾਲ ਕਰ ਸਕਦੇ ਹੋ, ਜਿਸ ਨਾਲ ਤੁਹਾਡੇ ਜੇਬ 'ਤੇ ਕੋਈ ਵਾਧੂ ਬੋਝ ਨਹੀਂ ਪਵੇਗਾ ਅਤੇ ਕਿਸ਼ਤ ਦੀ ਰਕਮ ਵੀ ਨਿਕਲ ਜਾਵੇਗੀ।

ਕਿਹੜਾ ਬੈਂਕ ਦੇ ਰਿਹੈ ਕਿੰਨਾ ਵਿਆਜ?
ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਇਕ ਸਾਲ ਦੀ ਐੱਫ. ਡੀ. (ਫਿਕਸਡ ਡਿਪਾਜ਼ਿਟ) 'ਤੇ 6.40 ਫੀਸਦੀ, ਦੋ ਸਾਲ ਦੀ ਐੱਫ. ਡੀ. 'ਤੇ 6.60 ਫੀਸਦੀ ਅਤੇ 3 ਸਾਲ ਦੀ ਐੱਫ. ਡੀ. 'ਤੇ 6.70 ਵਿਆਜ ਦਿੱਤਾ ਜਾ ਰਿਹਾ ਹੈ। ਸੀਨੀਅਰ ਸਿਟੀਜ਼ਨ ਨੂੰ ਬੈਂਕ ਐੱਫ. ਡੀ. 'ਤੇ 0.5 ਫੀਸਦੀ ਜ਼ਿਆਦਾ ਵਿਆਜ ਦਿੰਦੇ ਹਨ। ਓਰੀਐਂਟਲ ਬੈਂਕ ਆਫ ਕਾਮਰਸ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ 6.60 ਫੀਸਦੀ ਵਿਆਜ ਇਕ ਸਾਲ ਦੀ ਐੱਫ. ਡੀ. 'ਤੇ ਦੇ ਰਹੇ ਹਨ। ਉੱਥੇ ਹੀ, ਪ੍ਰਾਈਵੇਟ ਖੇਤਰ ਦਾ ਕੋਟਕ ਮਹਿੰਦਰਾ ਬੈਂਕ 1 ਸਾਲ ਦੀ ਐੱਫ. ਡੀ. 'ਤੇ 6.80 ਫੀਸਦੀ ਵਿਆਜ ਦੇ ਰਿਹਾ ਹੈ। ਇਸ ਦੇ ਇਲਾਵਾ ਐਕਸਿਸ ਬੈਂਕ 6.75 ਫੀਸਦੀ ਵਿਆਜ ਦੇ ਰਿਹਾ ਹੈ। ਐੱਚ. ਡੀ. ਐੱਫ. ਸੀ. ਬੈਂਕ 'ਚ 6.85 ਫੀਸਦੀ ਵਿਆਜ ਮਿਲ ਰਿਹਾ ਹੈ। ਉੱਥੇ ਹੀ, 1 ਸਾਲ ਅਤੇ 17 ਦਿਨ ਦੀ ਐੱਫ. ਡੀ. 'ਤੇ ਐੱਚ. ਡੀ. ਐੱਫ. ਸੀ. ਬੈਂਕ ਹੁਣ 7 ਫੀਸਦੀ ਵਿਆਜ ਦੇ ਰਿਹਾ ਹੈ।