CAA ਖਿਲਾਫ ਪ੍ਰਦਰਸ਼ਨ: ਭਾਰੀ ਟ੍ਰੈਫਿਕ ਕਾਰਨ ਇੰਡੀਗੋ ਦੀਆਂ 19 ਉਡਾਣਾਂ ਰੱਦ

12/19/2019 4:45:06 PM

ਨਵੀਂ ਦਿੱਲੀ — ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਭਾਰੀ ਇਕੱਠ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਕਾਰਨ ਥਾਂ-ਥਾਂ 'ਤੇ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਗਈ ਹੈ। ਗੁਰੂਗ੍ਰਾਮ-ਦਿੱਲੀ ਬਾਰਡਰ 'ਤੇ ਟ੍ਰੈਫਿਕ ਦੀਆਂ ਤਸਵੀਰਾਂ ਕਾਫੀ ਹੈਰਾਨ ਕਰਨ ਵਾਲੀਆਂ ਦਿਖਾਈ ਦੇ ਰਹੀਆਂ ਹਨ। ਇਸ ਭਾਰੀ ਟ੍ਰੈਫਿਕ ਕਾਰਨ ਹਵਾਈ ਯਾਤਰੀ ਵੀ ਪ੍ਰਭਾਵਿਤ ਹੋ ਰਹੇ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂਕਿ ਇੰਨੀ ਵੱਡੀ ਗਿਣਤੀ ਵਿਚ ਕਈ ਫਲਾਈਟਾਂ ਨੂੰ ਇਕੱਠੇ ਕੈਂਸਲ ਕਰ ਦਿੱਤਾ ਗਿਆ ਹੋਵੇ। ਇੰਡੀਗੋ ਮੁਤਾਬਕ ਉਨ੍ਹਾਂ ਦੇ ਕਈ ਕਰ੍ਰੂ ਮੈਂਬਰ ਵੀ ਇਸ ਟ੍ਰੈਫਿਕ 'ਚ ਫਸੇ ਹੋਏ ਹਨ। ਇਸ ਕਾਰਨ ਇੰਡੀਗੋ ਨੇ 10 ਫਲਾਈਟਾਂ ਕੈਂਸਲ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਦੂਜੇ ਪਾਸੇ ਸਪਾਈਸ ਜੈੱਟ ਅਤੇ ਏਅਰ ਇੰਡੀਆ ਦੀ 1-1 ਫਲਾਈਟ ਰੱਦ ਕਰ ਦਿੱਤੀਆਂ ਗਈਆਂ ਹਨ।

ਪਹਿਲੀ ਵਾਰ ਟ੍ਰੈਫਿਕ ਕਾਰਨ ਹੋਈਆਂ ਫਲਾਈਟ ਕੈਂਸਲ

ਜ਼ਿਕਰਯੋਗ ਹੈ ਕਿ ਦੇਸ਼ 'ਚ ਪਹਿਲੀ ਵਾਰ ਟ੍ਰੈਫਿਕ ਜਾਮ ਦੇ ਕਾਰਨ ਕਿਸੇ ਕੰਪਨੀ ਨੂੰ ਆਪਣੀਆਂ ਫਲਾਈਟ ਕੈਂਸਲ ਕਰਨੀਆਂ ਪਈਆਂ ਹਨ। ਹੁਣ ਤੱਕ ਐਨ.ਐਚ-8 'ਤੇ ਟ੍ਰੈਫਿਕ ਕਾਰਨ 16 ਫਲਾਈਟਾਂ ਲੇਟ ਪਹੁੰਚੀਆਂ। ਇੰਡੀਗੋ ਵਲੋਂ ਜਾਰੀ ਬਿਆਨ ਅਨੁਸਾਰ, ਟ੍ਰੈਫਿਕ ਜਾਮ ਦੇ ਕਾਰਨ ਸਾਡਾ ਸਟਾਫ ਸਮੇਂ 'ਤੇ ਹਵਾਈ ਅੱਡੇ ਤੱਕ ਨਹੀਂ ਪਹੁੰਚ ਸਕਿਆ। ਇਸ ਕਾਰਨ ਅਸੀਂ ਦਿੱਲੀ ਤੋਂ ਬਾਹਰ ਆਪਣੀ ਫਲਾਈਟ ਦੇ ਸ਼ੈਡਿਊਲ ਨੂੰ ਰੀਸ਼ੈਡਿਊਲ ਕੀਤਾ। ਇਸ ਵਿਚ ਦਿੱਲੀ ਤੋਂ ਜਾਣ ਵਾਲੀਆਂ ਸਾਡੀਆਂ ਕਰੀਬ 10 ਫੀਸਦੀ ਉਡਾਣਾਂ ਸ਼ਾਮਲ ਹਨ। ਜੇਕਰ ਅੱਗੋਂ ਵੀ ਸਾਨੂੰ ਫਲਾਈਟ ਰੱਦ ਕਰਨ ਦੀ ਜ਼ਰੂਰਤ ਲੱਗੀ ਤਾਂ ਅਸੀਂ ਇਸ ਲਈ ਬਣਦੇ ਕਦਮ ਚੁੱਕਾਂਗੇ। ਇਹ ਆਪਣੇ ਆਪ 'ਚ ਪਹਿਲਾ ਮਾਮਲਾ ਹੈ ਕਿ ਜਾਮ ਦੇ ਕਾਰਨ ਕੰਪਨੀ ਨੂੰ ਇੰਨੀ ਵੱਡੇ ਪੈਮਾਨੇ 'ਤੇ ਐਕਸ਼ਨ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਦੇਸ਼ ਭਰ ਦੇ ਕਈ ਸ਼ਹਿਰਾਂ ਵਿਚ ਹੋ ਰਿਹਾ ਪ੍ਰਦਰਸ਼ਨ

ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਦਿੱਲੀ ਸਮੇਤ ਦੇਸ਼ ਭਰ ਦੇ ਕਈ ਸ਼ਹਿਰਾਂ 'ਚ ਪ੍ਰਦਰਸ਼ਨ ਹੋ ਰਿਹਾ ਹੈ। ਇਸੇ ਕਾਰਨ ਦਿੱਲੀ ਦੇ ਕਈ ਇਲਾਕਿਆਂ 'ਚ ਪ੍ਰਦਰਸ਼ਨ ਜਾਰੀ ਹੈ। ਨਤੀਜੇ ਵਜੋਂ ਦਿੱਲੀ 'ਚ ਥਾਂ-ਥਾਂ ਰੂਟ ਡਾਇਵਰਜਨ ਕਰ ਦਿੱਤਾ ਗਿਆ ਹੈ।