ਇਸ ਸਾਲ ਧਨਤੇਰਸ ਦੇ ਮੌਕੇ 50 ਫੀਸਦੀ ਤੱਕ ਡਿੱਗ ਸਕਦੀ ਹੈ ਸੋਨੇ ਦੀ ਮੰਗ

10/09/2019 3:26:52 PM

 

ਨਵੀਂ ਦਿੱਲੀ — ਇਸ ਸਾਲ ਧਨਤੇਰਸ ਦੇ ਮੌਕੇ ਸੋਨੇ ਦੀ ਚਮਕ ਫਿੱਕੀ ਪੈ ਸਕਦੀ ਹੈ। ਮਾਹਰਾਂ ਅਨੁਸਾਰ ਸੋਨੇ ਦੀ ਲਗਾਤਾਰ ਵਧ ਹੋ ਰਹੀ ਕੀਮਤ ਕਾਰਨ ਇਸ ਪੀਲੀ ਧਾਤ ਦੀ ਮੰਗ ਇਸ ਸਾਲ ਘੱਟ ਦਿਖਾਈ ਦੇ ਰਹੀ ਹੈ। 

ਆਮਤੌਰ 'ਤੇ ਧਨਤੇਰਸ ਦੇ ਮੌਕੇ ਹਰ ਸਾਲ ਸੋਨੇ ਦੀ ਵਿਕਰੀ 40 ਟਨ ਦੇ ਆਸ-ਪਾਸ ਪਹੁੰਚ ਜਾਂਦੀ ਹੈ। ਇਸ ਸਾਲ ਮੰਗ ਦੀ ਕਮੀ ਕਾਰਨ ਸੋਨੇ ਦੀ ਮੰਗ 'ਚ 50 ਫੀਸਦੀ ਤੱਕ ਦੀ ਕਮੀ ਆ ਸਕਦੀ ਹੈ। ਕੀਮਤਾਂ ਅਤੇ ਆਯਾਤ ਡਿਊਟੀ 'ਚ ਵਾਧੇ ਕਾਰਨ ਸੋਨੇ ਦਾ ਆਯਾਤ ਵੀ ਇਸ ਸਾਲ ਘਟਿਆ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਜੁਲਾਈ 'ਚ ਬਜਟ ਵਿਚ ਕੇਂਦਰ ਸਰਕਾਰ ਵਲੋਂ ਕੀਮਤੀ ਧਾਤਾਂ 'ਤੇ ਲੱਗਣ ਵਾਲੀ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰਨ ਤੋਂ ਬਾਅਦ ਸੋਨੇ ਦੀ ਦਰਾਮਦ ਪਿਛਲੇ ਸਾਲ ਦੇ ਮੁਕਾਬਲੇ ਹੇਠਲੇ ਪੱਧਰ 'ਤੇ ਆ ਗਈ ਹੈ। 

ਭਾਰਤ ਦੇਸ਼ 'ਚ ਆਮ ਤੌਰ 'ਤੇ ਸੋਨੇ ਦੀ ਤਿੰਨ ਤਰ੍ਹਾਂ ਦੀ ਮੰਗ ਹੁੰਦੀ ਹੈ - ਵਿਆਹ ਮੌਕੇ ਮੰਗ, ਤਿਉਹਾਰੀ ਮੰਗ ਅਤੇ ਆਮ ਮੌਕਿਆਂ 'ਤੇ ਕੀਤੀ ਜਾਣ ਵਾਲੀ ਖਰੀਦਦਾਰੀ। ਬਜ਼ਾਰ 'ਚ ਤਰਲਤਾ ਦੀ ਘਾਟ ਕਾਰਨ ਲੋਕਾਂ ਦੀ ਆਮ ਤੌਰ 'ਤੇ ਕੀਤੀ ਜਾਣ ਵਾਲੀ ਖਰੀਦਦਾਰੀ ਹੇਠਲੇ ਪੱਧਰ 'ਤੇ ਰਹੀ। ਕੀਮਤਾਂ 'ਚ ਵਾਧੇ ਕਾਰਨ ਲੋਕ ਸੋਨੇ 'ਚ ਨਿਵੇਸ਼ ਕਰਨ ਤੋਂ ਪਰਹੇਜ਼ ਕਰ ਰਹੇ ਹਨ। ਇਸੇ ਤਰ੍ਹਾਂ ਇਸ ਸਾਲ ਦੇ ਤਿਉਹਾਰੀ ਸੀਜ਼ਨ 'ਚ ਵੀ ਸੋਨੇ ਮੰਗ ਦੇ ਘੱਟ ਰਹਿਣ ਦੀ ਹੀ ਉਮੀਦ ਹੈ।

ਮਾਰਕੀਟ ਵਿਸ਼ਲੇਸ਼ਕ ਨੇ ਦੱਸਿਆ ਕਿ ਪਿਛਲੇ ਮਹੀਨੇ ਕਮਜ਼ੋਰ ਘਰੇਲੂ ਮੰਗ ਦਾ ਇਕ ਹੋਰ ਕਾਰਨ ਇਹ ਹੈ ਕਿ ਗਲੋਬਲ ਬਾਜ਼ਾਰ ਵਿਚ ਕੀਮਤਾਂ ਵਧੀਆਂ ਹਨ। 'ਘਰੇਲੂ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ  ਰੁਝਾਨ ਨੂੰ ਮੰਨਦੀਆਂ ਹਨ। ਹਾਲਾਂਕਿ, ਕੀਮਤਾਂ ਵਿਚ ਆਈ ਤਾਜ਼ਾ ਗਿਰਾਵਟ ਤਿਉਹਾਰਾਂ ਦੇ ਮੌਸਮ ਦੀ ਮੰਗ 'ਚ ਸੁਧਾਰ ਲਿਆ ਸਕਦੀ ਹੈ' ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਨੇ ਕਿਹਾ,  'ਹਾਲਾਂਕਿ, ਦੇਸ਼ ਵਿਚ ਆਰਥਿਕ ਮੰਦੀ ਦੇ ਕਾਰਨ ਸਰਾਫਾ ਬਾਜ਼ਾਰ ਇਸ ਤਿਉਹਾਰ ਦੇ ਮੌਸਮ ਵਿੱਚ ਆਪਣੀ ਚਮਕ ਗੁਆ ਸਕਦਾ ਹੈ'।


Related News