ਦਸੰਬਰ ਤਿਮਾਹੀ ''ਚ ਸੋਨੇ ਦੀ ਮੰਗ ਘਟੀ

01/31/2020 2:12:28 PM

ਨਵੀਂ ਦਿੱਲੀ—ਦਸੰਬਰ ਤਿਮਾਹੀ 'ਚ ਭਾਰਤ 'ਚ ਸੋਨੇ ਦੀ ਮੰਗ ਇਕ ਸਾਲ ਪਹਿਲਾਂ ਦੀ ਤੁਲਨਾ 'ਚ 18 ਫੀਸਦੀ ਘੱਟ ਕੇ 194.3 ਟਨ ਰਹਿ ਗਈ ਜੋ ਇਸ ਮਿਆਦ 'ਚ ਅੱਠ ਸਾਲ ਦਾ ਹੇਠਲਾ ਪੱਧਰ ਹੈ। ਇਹ ਤਿਮਾਹੀ ਬਹੁਤ ਮਹੱਤਵਪੂਰਨ ਸੀ, ਕਿਉਂਕਿ ਇਸ 'ਚ ਦੀਵਾਲੀ ਦਾ ਤਿਉਹਾਰ ਵੀ ਆਉਂਦਾ ਹੈ। ਪਰ ਉੱਚੀ ਕੀਮਤ, ਕਮਜ਼ੋਰ ਉਪਭੋਕਤਾ ਰੁਝਾਅ ਅਤੇ ਪੇਂਡੂ ਆਮਦਨ 'ਤੇ ਦਬਾਅ ਦੀ ਵਜ੍ਹਾ ਨਾਲ ਸੋਨੇ ਦੀ ਮੰਗ 'ਚ ਸੁਧਾਰ ਨਹੀਂ ਦਿੱਸਿਆ। ਸਾਲ 2019 'ਚ ਭਾਰਤ ਦੀ ਕੁੱਲ ਸੋਨਾ ਮੰਗ 9 ਫੀਸਦੀ ਤੱਕ ਘੱਟ ਕੇ 690.4 ਟਨ ਰਹੀ। 2019 'ਚ ਭਾਰਤ ਦਾ ਸ਼ੁੱਧ ਸੋਨਾ ਆਯਾਤ 14 ਫੀਸਦੀ ਦੀ ਗਿਰਾਵਟ ਦੇ ਨਾਲ 646.8 ਟਨ ਰਿਹਾ ਹੈ, ਪਰ ਦਸੰਬਰ ਤਿਮਾਹੀ ਦੇ ਸੰਦਰਭ 'ਚ ਆਯਾਤ 18 ਫੀਸਦੀ ਘੱਟ ਕੇ 138.5 ਟਨ ਦਰਜ ਕੀਤਾ ਗਿਆ ਹੈ। ਇਹ ਖੁਲਾਸਾ ਵਿਸ਼ਵ ਸੋਨਾ ਪ੍ਰੀਸ਼ਦ (ਡਬਲਿਊ.ਜੀ.ਸੀ.) ਨੇ ਅੱਜ ਜਾਰੀ ਆਪਣੀ 2019 ਦੀ ਸੋਨਾ ਮੰਗ ਰੁਝਾਨ ਰਿਪੋਰਟ 'ਚ ਕੀਤਾ ਹੈ। ਹਾਲਾਂਕਿ ਡਬਲਿਊ.ਜੀ.ਸੀ. ਨੂੰ 2020 'ਚ ਦੇਸ਼ 'ਚ ਸੋਨੇ ਦੀ ਮੰਗ 'ਚ ਸੁਧਾਰ ਆਉਣ ਦੀ ਸੰਭਾਵਨਾ ਹੈ। ਡਬਲਿਊ.ਜੀ.ਸੀ. ਦੇ ਪ੍ਰਬੰਧ ਨਿਰਦੇਸ਼ਕ (ਭਾਰਤ) ਸੋਮਸੁੰਦਰਮ ਪੀ.ਆਰ. ਦਾ ਕਹਿਣਾ ਹੈ ਕਿ 2020 'ਚ ਭਾਰਤ ਦੀ ਸੋਨਾ ਮੰਗ 700-800 ਟਨ ਰਹਿਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ 690.4 ਟਨ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਪਿਛਲੇ 10 ਸਾਲਾਂ 'ਚ ਭਾਰਤ 'ਚ ਸੋਨੇ ਦੀ ਔਸਤ ਮੰਗ 843 ਟਨ ਰਹੀ ਹੈ ਅਤੇ ਸਰਾਫਾ ਕਾਰੋਬਾਰ 'ਚ ਪਾਰਦਰਸ਼ਿਤਾ ਲਿਆਉਣ ਦੀ ਸਰਕਾਰੀ ਕੋਸ਼ਿਸ਼ਾਂ ਨਾਲ ਇਹ ਮੰਗ ਇਸ ਪੱਧਰ ਤੋਂ ਹੇਠਾਂ ਬਣੇ ਰਹਿਣ ਦੀ ਸੰਭਾਵਨਾ ਹੈ। ਸੰਸਾਰਕ ਰੂਪ ਨਾਲ ਸੋਨੇ ਦੀ ਮੰਗ ਦੇ ਰੁਝਾਨਾਂ 'ਤੇ ਨਜ਼ਰ ਰੱਖਣ ਵਾਲੀ ਹੋਰ ਏਜੰਸੀ ਜੀ.ਐੱਫ.ਐੱਮ.ਐੱਸ. ਦਾ ਕਹਿਣਾ ਹੈ ਕਿ ਅਣਅਧਿਕਾਰਤ ਸੋਨੇ ਨਾਲ ਭਾਰਤ 'ਚ ਮੰਗ ਪਰਿਦ੍ਰਿਸ਼ 'ਚ ਨਾ-ਪੱਖੀ ਬਦਲਾਅ ਆਇਆ ਹੈ। ਸੋਮਸੁੰਦਰਮ ਦੇ ਅਨੁਸਾਰ 2019 'ਚ ਦੇਸ਼ 'ਚ ਲਗਭਗ 115-120 ਟਨ ਸੋਨੇ ਦੀ ਤਸਕਰੀ ਹੋਈ ਸੀ ਜੋ ਪੂਰਵਵਰਤੀ ਸਾਲ ਦੇ 90-95 ਟਨ ਤੋਂ ਜ਼ਿਆਦਾ ਹੈ।
ਪਿਛਲੇ ਸਾਲ ਜੁਲਾਈ 'ਚ ਵਿੱਤੀ ਮੰਤਰੀ ਨੇ ਸੋਨੇ ਤੇ ਆਯਾਤ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤੀ ਜਿਸ ਨਾਲ ਦੇਸ਼ 'ਚ ਇਸ ਧਾਤੂ ਦੀ ਤਸਕਰੀ ਨੂੰ ਵਾਧਾ ਮਿਲਿਆ। ਕੈਲੰਡਰ ਸਾਲ 2019 ਦੀ ਚੌਥੀ ਤਿਮਾਹੀ 'ਚ ਦੁਨੀਆ ਦੇ ਦੋ ਸਭ ਤੋਂ ਵੱਡੇ ਸੋਨਾ ਉਪਭੋਕਤਾਵਾਂ ਭਾਰਤ ਅਤੇ ਚੀਨ ਦੀ ਸੰਸਾਰਕ ਮੰਗ 'ਚ ਆਈ ਗਿਰਾਵਟ 'ਚ 80 ਫੀਸਦੀ ਦਾ ਯੋਗਦਾਨ ਰਿਹਾ। ਵਿਸ਼ਵ ਸੋਨਾ ਪ੍ਰੀਸ਼ਦ ਦੀ ਤਾਜ਼ਾ ਰਿਪੋਰਟ ਮੁਤਾਬਕ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਕਮਜ਼ੋਰ ਆਰਥਿਕ ਹਾਲਾਤ ਦੀ ਵਜ੍ਹਾ ਨਾਲ ਇਸ ਧਾਤੂ ਦੀ ਮੰਗ 'ਤੇ ਦਬਾਅ ਦੇਖਿਆ ਗਿਆ।

Aarti dhillon

This news is Content Editor Aarti dhillon