ਦਿੱਲੀ ਸਰਕਾਰ ਨੇ ਕੀਤੀ ਫਰਜ਼ੀ ਬਿਲਿੰਗ ਜ਼ਰੀਏ ਟੈਕਸ ਚੋਰੀ ਕਰਨ ਵਾਲੀਆਂ ਦੀ ਜਾਂਚ

02/21/2020 8:46:34 AM

ਨਵੀਂ ਦਿੱਲੀ(ਨਵੋਦਿਆ ਟਾਈਮਸ) — ਜੀ. ਐੱਸ. ਟੀ. ਵਸੂਲੀ ’ਚ ਗਿਰਾਵਟ ਦਾ ਸਾਹਮਣਾ ਕਰ ਰਹੀ ਦਿੱਲੀ ਸਰਕਾਰ ਨੇ ਫਰਜ਼ੀ ਬਿਲਿੰਗ ਅਤੇ ਟੈਕਸ ਚੋਰੀ ਖਿਲਾਫ ਮੁਹਿੰਮ ਦੀ ਸ਼ੁਰੂਆਤ ਕਰਦਿਆਂ 41,000 ਡੀਲਰਾਂ ਨੂੰ ਸ਼ੱਕ ਦੇ ਘੇਰੇ ’ਚ ਲੈ ਲਿਆ ਹੈ। ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਵਸੂਲੀ ’ਚ ਗਿਰਾਵਟ ਕਾਰਣ ਕੇਂਦਰ ਨੂੰ ਹੁਣ ਤੱਕ ਦਿੱਲੀ ਸਰਕਾਰ ਨੂੰ ਨੁਕਸਾਨਪੂਰਤੀ ਦੇ ਰੂਪ ’ਚ 4892 ਕਰੋਡ਼ ਰੁਪਏ ਦੇਣੇ ਪਏ ਹਨ। ਸ਼ੱਕੀ ਡੀਲਰਾਂ ਖਿਲਾਫ ਕੀਤੀ ਗਈ ਜਾਂਚ ’ਚ ਮੰਗਲਵਾਰ ਤੱਕ 6744 ਡੀਲਰ ਮੌਕੇ ’ਤੇ ਨਹੀਂ ਮਿਲੇ। ਇਨ੍ਹਾਂ ਨੂੰ ਬੋਗਸ ਡੀਲਰਸ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਨੇ ਫਰਜ਼ੀਵਾੜਾ ਕਰ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਹੈ। ਵਪਾਰ ਅਤੇ ਕਰ ਵਿਭਾਗ ਨੇ ਇਨ੍ਹਾਂ ਖਿਲਾਫ ਕਾਰਵਾਈ ਕਰਦਿਆਂ ਰਜਿਸਟ੍ਰੇਸ਼ਨ ਰੱਦ ਕਰਨ ਦਾ ਨੋਟਿਸ ਜਾਰੀ ਕੀਤਾ ਹੈ।

ਸੂਤਰ ਦੱਸਦੇ ਹਨ ਕਿ 147 ਕਰੋਡ਼ ਦੀ ਇਨਪੁਟ ਟੈਕਸ ਕ੍ਰੈਡਿਟ ਨੂੰ ਵਿਭਾਗ ਨੇ ਬਲਾਕ ਕਰ ਦਿੱਤਾ ਹੈ। ਵਪਾਰ ਅਤੇ ਕਰ ਵਿਭਾਗ ਨੇ ਬੋਗਸ ਡੀਲਰਾਂ ਖਿਲਾਫ ਮੁਹਿੰਮ ਕੁਝ ਦਿਨ ਪਹਿਲਾਂ ਸ਼ੁਰੂ ਕੀਤੀ ਸੀ। ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਕੁਝ ਮਾਪਦੰਡਾਂ ਦੇ ਆਧਾਰ ’ਤੇ 41,000 ਸ਼ੱਕੀ ਡੀਲਰਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ’ਚੋਂ 23,000 ਡੀਲਰਾਂ ਅਤੇ ਫਰਮਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 6744 ਦਾ ਕੋਈ ਵਜੂਦ ਨਹੀਂ ਪਾਇਆ ਗਿਆ। ਜਾਂਚ ’ਚ ਪਤਾ ਲੱਗਾ ਹੈ ਕਿ ਇਨ੍ਹਾਂ ਡੀਲਰਾਂ ਨੇ ਬੋਗਸ ਬਿਲਿੰਗ ਜ਼ਰੀਏ ਫਰਜ਼ੀ ਇਨਪੁਟ ਕ੍ਰੈਡਿਟ ਅਤੇ ਰੀਫੰਡ ਲੈਣ ਦੇ ਮਕਸਦ ਨਾਲ ਹੀ ਜੀ. ਐੱਸ. ਟੀ. ਰਜਿਸਟ੍ਰੇਸ਼ਨ ਨੰਬਰ ਲਿਆ ਸੀ। ਇਹ ਕਿਸੇ ਤਰ੍ਹਾਂ ਦਾ ਵਪਾਰ ਨਹੀਂ ਕਰਦੇ ਸਨ ਪਰ ਫਰਜ਼ੀ ਖਰੀਦੋ-ਫਰੋਖਤ ਵਿਖਾ ਕੇ ਬੋਗਸ ਬਿੱਲ ਜਾਰੀ ਕਰਦੇ ਸਨ ਅਤੇ ਰਿਟਰਨ ’ਚ ਭਾਰੀ-ਭਰਕਮ ਇਨਪੁਟ ਕ੍ਰੈਡਿਟ ਅਤੇ ਰੀਫੰਡ ਕਲੇਮ ਕਰਦੇ ਸਨ। ਕਈ ਫਰਮਾਂ ਨੇ ਸਰਕਾਰੀ ਖਜ਼ਾਨੇ ਨੂੰ ਕਰੋਡ਼ਾਂ ਰੁਪਏ ਦਾ ਚੂਨਾ ਲਾਇਆ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ’ਚ ਕਈ ਡੀਲਰ ਫਰਜ਼ੀ ਟਰਨਓਵਰ ਵਿਖਾ ਕੇ ਬੈਂਕਾਂ ਅਤੇ ਦੂਜੇ ਵਿੱਤੀ ਸੰਸਥਾਨਾਂ ਨਾਲ ਫਰਾਡ ਅਤੇ ਮਨੀ ਲਾਂਡਰਿੰਗ ’ਚ ਵੀ ਸ਼ਾਮਲ ਹੋ ਸਕਦੇ ਹਨ। ਸੈਂਕੜੇ ਸਹੀ ਡੀਲਰ ਵੀ ਬੋਗਸ ਬਿਲਿੰਗ ਘਪਲੇ ’ਚ ਸ਼ਾਮਲ ਪਾਏ ਗਏ ਹਨ।

ਅਧਿਕਾਰੀ ਨੇ ਦੱਸਿਆ ਕਿ ਅਜਿਹੇ ਡੀਲਰਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ। ਅਧਿਕਾਰੀਆਂ ਮੁਤਾਬਕ ਜੀ. ਐੱਸ. ਟੀ. ਐਕਟ ਦੇ ਸੈਕਸ਼ਨ 74 ਤਹਿਤ ਸਾਰੇ ਬੋਗਸ ਡੀਲਰਾਂ ਤੋਂ ਟੈਕਸ, ਵਿਆਜ ਅਤੇ ਪੈਨਲਟੀ ਦੀ ਵਸੂਲੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ 142 ਕਰੋਡ਼ ਰੁਪਏ ਦੀ ਇਨ੍ਹਾਂ ਡੀਲਰਾਂ ਤੋਂ ਰਿਕਵਰੀ ਕੀਤੀ ਗਈ ਹੈ। ਜ਼ਿਆਦਾਤਰ ਬੋਗਸ ਡੀਲਰਾਂ ਅਤੇ ਫਰਮਾਂ ਨੂੰ ਉਨ੍ਹਾਂ ਦੀ ਕਿਸੇ ਨਾ ਕਿਸੇ ਟਰਾਂਜ਼ੈਕਸ਼ਨ ਦੇ ਆਧਾਰ ’ਤੇ ਟਰੇਸ ਕੀਤਾ ਜਾ ਰਿਹਾ ਹੈ। ਇਨ੍ਹਾਂ ’ਚੋਂ ਸੈਂਕੜੇ ਡੀਲਰਾਂ ਖਿਲਾਫ ਗੰਭੀਰ ਵਿੱਤੀ ਅਪਰਾਧਾਂ ਲਈ ਕੇਸ ਵੀ ਦਰਜ ਕਰਵਾਇਆ ਜਾਵੇਗਾ। ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਵਿਭਾਗ ਨੂੰ ਹੁਕਮ ਦਿੱਤਾ ਹੈ ਕਿ ਬੋਗਸ ਬਿਲਿੰਗ ਖਿਲਾਫ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇ ਅਤੇ ਸ਼ੱਕੀ ਟਰਾਂਜ਼ੈਕਸ਼ਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਅਜਿਹੀਆਂ ਗਤੀਵਿਧੀਆਂ ਨੂੰ ਕਾਬੂ ਕਰਨ ਲਈ ਐਨਫੋਰਸਮੈਂਟ ਵਧਾਉਣ ਦੇ ਹੁਕਮ ਵੀ ਦਿੱਤੇ ਗਏ ਹਨ।

ਜਨਵਰੀ ’ਚ ਰਿਕਾਰਡ 2700 ਕਰੋਡ਼ ਰੁਪਏ ਦੀ ਜੀ. ਐੱਸ. ਟੀ. ਵਸੂਲੀ

ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਜਨਵਰੀ ਮਹੀਨੇ ’ਚ ਜੀ. ਐੱਸ. ਟੀ. ਅਤੇ ਵੈਟ ਦੀ ਰਿਕਾਰਡ ਵਸੂਲੀ ਹੋਈ ਹੈ। ਜਨਵਰੀ ’ਚ 2700 ਕਰੋਡ਼ ਰੁਪਏ ਦੀ ਜੀ. ਐੱਸ. ਟੀ. ਅਤੇ ਵੈਟ ਦੀ ਵਸੂਲੀ ਹੋਈ ਹੈ। ਰਿਕਾਰਡ 43 ਫ਼ੀਸਦੀ ਜ਼ਿਆਦਾ ਵਸੂਲੀ ਇਕ ਮਹੀਨੇ ’ਚ ਹੋਈ ਹੈ, ਜਦੋਂ ਕਿ ਜਨਵਰੀ 2019 ’ਚ 1887 ਕਰੋਡ਼ ਦੀ ਵਸੂਲੀ ਹੋਈ ਸੀ।