ਡੈਬਿਟ-ਕ੍ਰੈਡਿਟ ਕਾਰਡ ਰਾਹੀਂ ਧੋਖਾਦੇਹੀ ਹੋਣ ’ਤੇ ਵੀ ਨਹੀਂ ਡੁੱਬੇਗਾ ਪੈਸਾ

11/20/2019 9:21:33 PM

ਨਵੀਂ ਦਿੱਲੀ (ਹਿੰ.)-ਦੇਸ਼ ’ਚ ਡੈਬਿਟ-ਕ੍ਰੈਡਿਟ ਕਾਰਡ ਨੇ ਵੱਡੀ ਨਕਦੀ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ ਪਰ ਇਸਦੀ ਵਰਤੋਂ ਨਾਲ ਧੋਖਾਦੇਹੀ ਦੇ ਮਾਮਲੇ ਵੀ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਅਜਿਹੇ ’ਚ ਕਾਰਡ ਨੂੰ ਲੈ ਕੇ ਕਿਸੇ ਧੋਖਾਦੇਹੀ ਦੀ ਹਾਲਤ ’ਚ ਉਸ ਦੀ ਭਰਪਾਈ ਬੇਹੱਦ ਮੁਸ਼ਕਲ ਹੁੰਦੀ ਹੈ। ਇਸ ਹਾਲਤ ’ਚ ਕਾਰਡ ਪ੍ਰੋਟੈਕਸ਼ਨ ਪਲਾਨ (ਸੀ. ਪੀ. ਪੀ.) ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ।

ਸੀ. ਪੀ. ਪੀ. ਕਾਰਡ ਦਾ ਬੀਮਾ ਹੁੰਦਾ ਹੈ। ਐੱਸ. ਬੀ. ਆਈ. ਸਮੇਤ ਕਈ ਬੈਂਕ ਆਪਣੇ ਕਾਰਡ ’ਤੇ ਇਸ ਦੀ ਪੇਸ਼ਕਸ਼ ਕਰਦੇ ਹਨ। ਇਸ ਦੇ ਲਈ ਸਾਲਾਨਾ 900 ਤੋਂ 2100 ਰੁਪਏ ਤੱਕ ਫੀਸ ਵਸੂਲਦੇ ਹਨ। ਇਸਦੇ ਤਹਿਤ ਕ੍ਰੈਡਿਟ ਜਾਂ ਡੈਬਿਟ ਕਾਰਡ ਨੂੰ ਲੈ ਕੇ ਆਨਲਾਈਨ, ਜਾਅਲਸਾਜ਼ੀ, ਏ. ਟੀ. ਐੱਮ . ਪਿਨ ਦੇ ਰਾਹੀਂ ਜਾਂ ਫਿਰ ਕਾਰਡ ਗੁਆਚਣ ਅਤੇ ਚੋਰੀ ਹੋਣ ’ਤੇ ਧੋਖਾਦੇਹੀ ਦੀ ਹਾਲਤ ’ਚ ਉਸ ਦੀ ਭਰਪਾਈ ਦਾ ਕਵਰ ਸ਼ਾਮਲ ਹੁੰਦਾ ਹੈ। ਕਾਰਡ ਦੇ ਗੁਆਚਣ ਜਾਂ ਚੋਰੀ ਹੋਣ ਦੇ 15 ਦਿਨ ਤੋਂ ਪਹਿਲਾਂ ਆਨਲਾਈਨ ਧੋਖਾਦੇਹੀ ਦਾ ਕਵਰ ਉਪਲੱਬਧ ਕਰਵਾਇਆ ਜਾਂਦਾ ਹੈ।

ਸਿਰਫ ਇਕ ਕਾਲ ਨਾਲ ਸਾਰੇ ਕਾਰਡ ਬਲਾਕ
ਕਈ ਕਾਰਡ ਹੋਣ ਦੀ ਵਜ੍ਹਾ ਨਾਲ ਸਾਰਿਆਂ ਦਾ ਵੇਰਵਾ ਯਾਦ ਨਹੀਂ ਰਹਿ ਪਾਉਂਦਾ ਹੈ, ਜਿਸ ਦੀ ਜ਼ਰੂਰਤ ਕਾਰਡ ਬਲਾਕ ਕਰਵਾਉਣ ਦੇ ਦੌਰਾਨ ਹੁੰਦੀ ਹੈ। ਸੀ. ਪੀ. ਪੀ. ਦੀ ਸਹੂਲਤ ਹੋਣ ’ਤੇ ਕਾਰਡ ਗੁਆਚਣ ਦੀ ਹਾਲਤ ’ਚ ਵੱਖ-ਵੱਖ ਬੈਂਕਾਂ ਨੂੰ ਫੋਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਤੁਹਾਨੂੰ ਬਸ ਇਕ ਕਾਲ ਸੀ. ਪੀ. ਪੀ. ਦੇ ਕਸਟਮਰ ਕੇਅਰ ਨੂੰ ਕਰਨੀ ਹੁੰਦੀ ਹੈ। ਉਹ ਤੁਹਾਡੇ ਸਾਰੇ ਕਾਰਡ ਬਲਾਕ ਕਰਵਾ ਦੇਵੇਗਾ।

ਹੋਟਲ ਬਿੱਲ ਦਿੰਦੀ ਹੈ ਕੰਪਨੀ
ਤੁਸੀਂ ਘੁੰਮਣ ਲਈ ਪਰਿਵਾਰ ਦੇ ਨਾਲ ਕਿਤੇ ਗਏ ਹੋ ਅਤੇ ਉੱਥੇ ਕਾਰਡ ਗੁਆਚ ਜਾਵੇ ਤਾਂ ਇਸ ਤਰ੍ਹਾਂ ਦੀ ਮੁਸੀਬਤ ਦੀ ਕਲਪਨਾ ਵੀ ਸ਼ਾਇਦ ਤੁਸੀਂ ਨਹੀਂ ਕਰਨਾ ਚਾਹੋਗੇ। ਸੀ. ਪੀ. ਪੀ. ਦੀ ਸਹੂਲਤ ਹੋਣ ’ਤੇ ਕਾਰਡ ਗੁਆਚਣ ਦੀ ਹਾਲਤ ’ਚ ਤੁਹਾਨੂੰ ਨਕਦੀ ਉਪਲੱਬਧ ਕਰਵਾਉਣ ਦੇ ਨਾਲ ਤੁਹਾਡੇ ਹੋਟਲ ਬਿੱਲ ਅਤੇ ਟ੍ਰੇਨ-ਹਵਾਈ ਜਹਾਜ਼ ਟਿਕਟ ਦਾ ਖਰਚ ਵੀ ਬੀਮਾ ਕੰਪਨੀ ਦਿੰਦੀ ਹੈ। ਐੱਸ. ਬੀ. ਆਈ.-ਸੀ. ਪੀ. ਪੀ. ਸਹੂਲਤ ਲੈਣ ’ਤੇ 1.60 ਲੱਖ ਰੁਪਏ ਤੱਕ ਦਾ ਹੋਟਲ ਬਿੱਲ ਅਤੇ 1.60 ਲੱਖ ਰੁਪਏ ਤੱਕ ਦੀ ਯਾਤਰਾ ਸਹਾਇਤਾ ਉਪਲੱਬਧ ਕਰਵਾਉਂਦੀ ਹੈ।

ਪਰਿਵਾਰ ਦਾ ਕਵਰ ਵੀ
ਕਈ ਬੈਂਕ ਬਿਨਾਂ ਫੀਸ ਦੇ ਤੁਹਾਡੇ ਪਰਿਵਾਰ ਨੂੰ ਵੀ ਇਸ ’ਚ ਕਵਰ ਦੇਣ ਦੀ ਪੇਸ਼ਕਸ਼ ਕਰਦੇ ਹਨ। ਐੱਸ. ਬੀ. ਆਈ. ਦੇ ਪ੍ਰੀਮੀਅਮ ਕਾਰਡ ਪ੍ਰੋਟੈਕਸ ਪਲਾਨ ’ਚ ਤੁਸੀਂ ਆਪਣੇ ਨਾਲ ਪਤਨੀ ਨੂੰ ਵੀ ਕਵਰ ਵਿਚ ਸ਼ਾਮਲ ਕਰ ਸਕਦੇ ਹੋ। ਉਥੇ ਹੀ ਇਸਦੇ ਪਲੈਟੀਨਮ ਕਾਰਡ ਪ੍ਰੋਟੈਕਸ਼ਨ ਪਲਾਨ ’ਚ 4 ਲੋਕਾਂ ਨੂੰ ਸ਼ਾਮਲ ਕਰ ਸਕਦੇ ਹੋ।

ਪੈਨ ਕਾਰਡ ਵੀ ਦਾਇਰੇ ’ਚ
ਸੀ. ਪੀ. ਪੀ. ’ਚ ਪੈਨ ਕਾਰਡ ਦਾ ਕਵਰ ਵੀ ਦਿੱਤਾ ਜਾਂਦਾ ਹੈ। ਇਸ ਦੇ ਗੁਆਚ ਜਾਣ ’ਤੇ ਬੈਂਕ ਬਿਨਾਂ ਫੀਸ ਦੇ ਇਸ ਨੂੰ ਬਣਵਾਉਂਦੇ ਹਨ। ਤੁਸੀਂ ਪਾਸਪੋਰਟ ਅਤੇ ਡ੍ਰਾਈਵਿੰਗ ਲਾਇਸੈਂਸ ’ਤੇ ਵੀ ਸੀ. ਪੀ. ਪੀ. ਲੈ ਸਕਦੇ ਹੋ।

Karan Kumar

This news is Content Editor Karan Kumar