ਕੋਵਿਡ-19 ਨੇ ਤੌੜੀ ਬਾਗਬਾਨਾਂ ਦੀ ਕਮਰ, ਇਸ ਸਾਲ ਵੀ ਸਸਤਾ ਦਸਹਿਰੀ ਅੰਬ

05/13/2021 3:20:43 PM

ਨਵੀਂ ਦਿੱਲੀ- ਲਗਾਤਾਰ ਦੂਜੇ ਸਾਲ ਕੋਰੋਨਾ ਕਹਿਰ ਨੇ ਯੂ. ਪੀ. ਦੇ ਅੰਬ ਉਤਪਾਦਕਾਂ ਦੀ ਕਮਰ ਤੋੜ ਦਿੱਤੀ ਹੈ ਅਤੇ ਇਕ ਫਿਰ ਘਾਟੇ ਦੇ ਕੰਢੇ 'ਤੇ ਹਨ। ਕਈ ਸੂਬਿਆਂ ਵਿਚ ਲਾਕਡਾਊਨ ਰਹਿਣ ਅਤੇ ਵਿਦੇਸ਼ਾਂ ਤੋਂ ਮੰਗ ਨਾਂਹ ਦੇ ਬਰਾਬਰ ਹੋਣ ਕਾਰਨ ਪਿਛਲੇ ਸਾਲ ਸੂਬੇ ਦੇ ਅੰਬ ਕਾਰੋਬਾਰੀਆਂ ਨੂੰ ਤਕਰੀਬਨ 1,000 ਕਰੋੜ ਰੁਪਏ ਦੇ ਘਾਟੇ ਦੀ ਮਾਰ ਸਹਿਣੀ ਪਈ ਸੀ। ਇਸ ਸਾਲ ਵੀ ਨੁਕਸਾਨ ਦਾ ਖ਼ਦਸ਼ਾ ਹੈ ਕਿਉਂਕਿ ਅੰਬਾਂ ਦੀ ਰੁੱਤੇ 'ਤਾਲਾਬੰਦੀ' ਲੱਗਣ ਨਾਲ ਬਾਗਾਂ ਵਿਚ ਰੌਣਕ ਗਾਇਬ ਹੋ ਗਈ ਹੈ। ਉੱਥੇ ਹੀ, ਦਸਹਿਰੀ ਅੰਬ ਸਸਤੇ ਰਹਿ ਸਕਦੇ ਹਨ।

ਯੂ. ਪੀ. ਦੇ ਮਲਿਹਾਬਾਦ ਦਾ ਦਸਹਿਰੀ ਅੰਬ ਦੇਸ਼-ਵਿਦੇਸ਼ ਵਿਚ ਸੁਆਦ ਤੇ ਖ਼ੁਸ਼ਬੂ ਲਈ ਮਸ਼ਹੂਰ ਹੈ ਅਤੇ ਇਹ ਅਗਲੇ ਹਫ਼ਤੇ ਤੱਕ ਪੱਕ ਕੇ ਤਿਆਰ ਹੋਣ ਲੱਗੇਗਾ ਪਰ ਇਸ ਪੂਰੀ ਪੱਟੀ ਵਿਚ ਖ਼ਰੀਦਦਾਰਾਂ ਦੀ ਥੋੜ੍ਹ ਪਈ ਹੈ। ਕੱਚੇ ਦਸਹਿਰੀ ਦੇ ਤੁੜਾਈ 20 ਮਈ ਤੋਂ ਸ਼ੁਰੂ ਹੋ ਜਾਵੇਗੀ। ਜੂਨ ਵਿਚ ਪੱਕਾ ਅੰਬ ਵੀ ਬਾਜ਼ਾਰ ਦੀਆਂ ਬਰੂਹਾਂ 'ਤੇ ਸੱਜ ਜਾਵੇਗਾ। ਸ਼ੌਕੀਨਾਂ ਨੂੰ ਜੂਨ ਦੇ ਪਹਿਲੇ ਹਫ਼ਤੇ ਪਾਲ ਅਤੇ ਦੂਜੇ ਹਫ਼ਤੇ ਡਾਣੀ ਦਾ ਪੱਕਾ ਦੁਸਹਿਰੀ ਅੰਬ ਖਾਣ ਨੂੰ ਮਿਲੇਗਾ ਪਰ ਇਸ ਵਾਰ ਬਾਹਰੀ ਕਾਰੋਬਾਰੀਆਂ ਨਾਲ ਸੌਦੇ ਬਹੁਤ ਘੱਟ ਹਨ।

ਇਕ ਪਾਸੇ ਤਾਂ ਸੌਦੇ ਬਹੁਤ ਘੱਟ ਹੋਏ ਹਨ ਤਾਂ ਦੂਜੇ ਪਾਸੇ ਬਦਲਦੇ ਮੌਸਮ ਨੇ ਵੀ ਬਾਗਬਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਮਲਿਹਾਬਾਦਾ ਦੇ ਇਕ ਅੰਬ ਉਤਪਾਦਕ ਨੇ ਕਿਹਾ ਕਿ ਬਾਹਰੀ ਸੂਬਿਆਂ ਤੇ ਵਿਦੇਸ਼ਾਂ ਤੋਂ ਮੰਗ ਘੱਟ ਹੋਣ ਕਾਰਨ ਕੀਮਤ ਇਸ ਵਾਰ ਵੀ ਪਿਛਲੇ ਸਾਲ ਜਿੰਨੀ ਹੀ ਰਹੇਗੀ। ਲਖਨਊ ਦੇ ਪ੍ਰਮੁੱਖ ਅੰਬ ਕਾਰੋਬਾਰੀ ਨੇ ਕਿਹਾ ਕਿ ਇਸ ਸਾਲ ਫ਼ਲ ਪੱਟੀ ਖੇਤਰ ਕੋਕਰੀ-ਮਲਿਹਾਬਾਦ ਵਿਚ ਤਕਰੀਬਨ ਇਕ-ਚੌਥਾਈ ਬਾਗ ਨਹੀਂ ਵਿਕੇ ਹਨ, ਜਦੋਂ ਕਿ 75 ਫ਼ੀਸਦੀ ਬਾਗ ਪਿਛਲੇ ਸਾਲ ਦਾ ਸੀਜ਼ਨ ਖ਼ਤਮ ਹੁੰਦੇ ਹੀ ਵਿਕ ਗਏ ਸਨ। ਇਸ ਵਾਰ ਸ਼ੁਰੂਆਤੀ ਦਿਨਾਂ ਵਿਚ ਦਸਹਿਰੀ ਅੰਬ 40 ਤੋਂ 60 ਰੁਪਏ ਕਿਲੋ ਵਿਚਕਾਰ ਵਿਕ ਸਕਦਾ ਹੈ ਪਰ ਫਿਰ ਕੀਮਤਾਂ ਘੱਟ ਸਕਦੀਆਂ ਹਨ।

Sanjeev

This news is Content Editor Sanjeev