ਹਾਈਵੇਅ ਅਥਾਰਟੀ ਦੇ ਈ-ਮੇਲ ਸਰਵਰ ''ਤੇ ਸਾਈਬਰ ਹਮਲਾ, ਕੋਈ ਨੁਕਸਾਨ ਨਹੀਂ

06/29/2020 10:50:54 PM

ਨਵੀਂ ਦਿੱਲੀ : ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਸੋਮਵਾਰ ਨੂੰ ਕਿਹਾ ਕਿ ਐਤਵਾਰ ਰਾਤ ਨੂੰ ਉਸ ਦੇ ਈ-ਮੇਲ ਸਰਵਰ 'ਤੇ ਇਕ ਸਾਈਬਰ ਹਮਲਾ ਹੋਇਆ ਸੀ ਪਰ ਜਲਦੀ ਕਾਰਵਾਈ ਕਰਨ ਨਾਲ ਡਾਟਾ ਨੂੰ ਨੁਕਸਾਨ ਨਹੀਂ ਹੋਇਆ। ਅਥਾਰਟੀ ਨੇ ਸਾਵਧਾਨੀ ਵਰਤਦੇ ਹੋਏ ਸਰਵਰ ਬੰਦ ਕਰ ਦਿੱਤਾ ਸੀ।

ਐੱਨ. ਐੱਚ. ਏ. ਆਈ. ਦੇ ਚੀਫ ਜਨਰਲ ਮੈਨੇਜਰ (ਆਈ. ਟੀ.) ਅਖਿਲੇਸ਼ ਸ਼੍ਰੀਵਾਸਤਵ ਨੇ ਕਿਹਾ, “ਐੱਨ. ਐੱਚ. ਏ. ਆਈ. ਦੇ ਈ-ਮੇਲ ਸਰਵਰ 'ਤੇ ਵਾਇਰਸ (ਰੈਂਸਮ) ਹਮਲਾ ਬੀਤੀ ਰਾਤ ਹੋਇਆ ਸੀ। ਸੁਰੱਖਿਆ ਪ੍ਰਣਾਲੀ ਨੇ ਇਸ ਹਮਲੇ ਨੂੰ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਨਾਕਾਮ ਕਰ ਦਿੱਤਾ ਅਤੇ ਈ-ਮੇਲ ਸਰਵਰ ਬੰਦ ਕਰ ਦਿੱਤਾ ਗਿਆ ਸੀ। ”
ਉਨ੍ਹਾਂ ਨੇ ਕਿਹਾ ਕਿ ਸਰਵਰ ਹੁਣ ਬਹਾਲ ਹੋ ਗਿਆ ਹੈ ਅਤੇ ਡਾਟਾ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਸਰਕਾਰ ਨੇ ਵਿਅਕਤੀਆਂ ਅਤੇ ਕਾਰੋਬਾਰਾਂ ਖਿਲਾਫ ਵੱਡੇ ਸਾਈਬਰ ਹਮਲੇ ਵਿਰੁੱਧ ਚਿਤਾਵਨੀ ਦਿੱਤੀ ਸੀ। ਭਾਰਤ ਦੀ ਸਾਈਬਰ ਸਕਿਓਰਿਟੀ ਏਜੰਸੀ ਸੀ. ਈ. ਆਰ. ਟੀ.-ਇਨ ਨੇ ਇਕ ਸਲਾਹਕਾਰ ਚਿਤਾਵਨੀ ਜਾਰੀ ਕੀਤੀ ਸੀ ਕਿ ਸੰਭਾਵਿਤ ਫਿਸ਼ਿੰਗ ਹਮਲੇ ਸਰਕਾਰੀ ਏਜੰਸੀਆਂ, ਵਿਭਾਗਾਂ ਅਤੇ ਵਪਾਰਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
 


Sanjeev

Content Editor

Related News