ਮੰਦੀ ਦੇ ਸੰਕੇਤ? 5 ਫ਼ੀਸਦੀ ਹੇਠਾਂ ਡਿੱਗਿਆ ਕੱਚਾ ਤੇਲ, ਜਾਣੋ ਕਿੰਨੀ ਹੋਈ ਕੀਮਤ

05/03/2023 2:45:17 PM

ਬਿਜ਼ਨੈੱਸ ਡੈਸਕ : ਸਾਲ 2023 ਆਰਥਿਕ ਤੌਰ 'ਤੇ ਦੁਨੀਆ ਲਈ ਚੰਗਾ ਸਾਬਤ ਨਹੀਂ ਹੋ ਰਿਹਾ। ਪਿਛਲੇ ਸਾਲ ਤੋਂ ਜਾਰੀ ਛਾਂਟੀ ਦੀ ਰਫ਼ਤਾਰ ਤੋਂ ਬਾਅਦ ਅਮਰੀਕਾ ਤੋਂ ਸ਼ੁਰੂ ਹੋਏ ਬੈਂਕਿੰਗ ਸੰਕਟ ਨੇ ਪੂਰੀ ਦੁਨੀਆ ਨੂੰ ਆਰਥਿਕ ਮੰਦੀ ਦੇ ਕੰਢੇ ਪਹੁੰਚਾ ਦਿੱਤਾ ਹੈ। ਇਸ ਤੋਂ ਇਲਾਵਾ ਆਰਥਿਕ ਮੋਰਚੇ 'ਤੇ ਹੋ ਰਹੇ ਵਿਕਾਸ ਵੀ ਨਿਵੇਸ਼ਕਾਂ ਅਤੇ ਮਾਹਿਰਾਂ ਦੀ ਨੀਂਦ ਉਡਾ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਬੀਤੇ ਦਿਨ ਕੱਚੇ ਤੇਲ ਦੀ ਕੀਮਤ ਕਰੀਬ 5 ਫ਼ੀਸਦੀ ਡਿੱਗ ਗਈ।

ਇੰਨੀਆਂ ਹੋ ਗਈਆਂ ਕੀਮਤਾਂ 

ਰਾਇਟਰਜ਼ ਦੀ ਇਕ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ ਕਰੀਬ 5 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਕੱਚੇ ਤੇਲ ਦੇ ਅੰਤਰਰਾਸ਼ਟਰੀ ਪੱਧਰ ਦੇ ਮਾਪਦੰਡ ਬ੍ਰੈਂਟ ਕਰੂਡ ਦੀ ਫਿਊਚਰਜ਼ ਕੀਮਤ 3.99 ਡਾਲਰ ਭਾਵ 5 ਫ਼ੀਸਦੀ ਘੱਟ ਕੇ 75.32 ਡਾਲਰ ਪ੍ਰਤੀ ਬੈਰਲ 'ਤੇ ਆ ਗਈ ਹੈ। ਇਸੇ ਤਰ੍ਹਾਂ ਅਮਰੀਕਨ ਸਟੈਂਡਰਡ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂ.ਟੀ.ਆਈ.) ਕਰੂਡ ਦੀ ਕੀਮਤ 4 ਡਾਲਰ ਭਾਵ 5.3 ਫ਼ੀਸਦੀ ਡਿੱਗ ਕੇ 71.66 ਡਾਲਰ ਪ੍ਰਤੀ ਬੈਰਲ ਰਹਿ ਗਈ।

5 ਹਫ਼ਤਿਆਂ 'ਚ ਸਭ ਤੋਂ ਘੱਟ

ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਸ ਸਾਲ ਕੱਚੇ ਤੇਲ ਦੀਆਂ ਕੀਮਤਾਂ 'ਚੋਂ ਇਹ ਸਭ ਤੋਂ ਵੱਡੀ ਗਿਰਾਵਟ 'ਚੋਂ ਇਕ ਹੈ। ਜਨਵਰੀ ਦੀ ਸ਼ੁਰੂਆਤ ਤੋਂ ਹੀ ਕੱਚੇ ਤੇਲ ਦੀ ਕੀਮਤ ਇਕ ਦਿਨ 'ਚ 5 ਫ਼ੀਸਦੀ ਤੋਂ ਜ਼ਿਆਦਾ ਨਹੀਂ ਟੁੱਟੀ। ਇਸ ਵੱਡੀ ਗਿਰਾਵਟ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 5 ਹਫ਼ਤਿਆਂ 'ਚ ਸਭ ਤੋਂ ਹੇਠਾਂ ਪਹੁੰਚ ਗਈਆਂ ਹਨ।

ਇਨ੍ਹਾਂ ਕਾਰਨਾਂ ਨੇ ਵਧਾਈ ਚਿੰਤਾ 

ਬੈਂਕਿੰਗ ਸੰਕਟ ਦੇ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਨਿਵੇਸ਼ਕਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਦੇ ਇੱਕ ਤਾਜ਼ਾ ਬਿਆਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜੈਨੇਟ ਯੇਲੇਨ ਨੇ ਦੱਸਿਆ ਸੀ ਕਿ ਇਕ ਮਹੀਨੇ 'ਚ ਅਮਰੀਕੀ ਸਰਕਾਰ ਦੇ ਹੱਥ ਖਾਲੀ ਹੋ ਸਕਦੇ ਹਨ ਅਤੇ ਅਜਿਹੇ 'ਚ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ 'ਚ ਡਿਫਾਲਟ ਦਾ ਮਾਮਲਾ ਸਾਹਮਣੇ ਆ ਸਕਦਾ ਹੈ। ਦੂਜੇ ਪਾਸੇ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਪ੍ਰਤੀਕੂਲ ਹਾਲਾਤਾਂ ਤੋਂ ਬਾਅਦ ਵੀ ਵਿਆਜ ਦਰਾਂ ਵਧਾਉਣ ਦੇ ਸੰਕੇਤ ਦਿੱਤੇ ਹਨ। ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਭਾਰਤੀ ਸਮੇਂ ਮੁਤਾਬਕ ਬੁੱਧਵਾਰ ਰਾਤ ਨੂੰ ਇਸ ਸਬੰਧ 'ਚ ਐਲਾਨ ਕਰਨਗੇ।

rajwinder kaur

This news is Content Editor rajwinder kaur