ਕੋਵਿਡ-19 ਕਾਰਨ ਭਾਰਤ ''ਚ ਅਪ੍ਰੈਲ-ਜੂਨ ''ਚ ਸੋਨੇ ਦੀ ਮੰਗ 70 ਫ਼ੀਸਦੀ ਘਟੀ : WGC

07/30/2020 3:49:58 PM

ਮੁੰਬਈ (ਭਾਸ਼ਾ) : ਭਾਰਤ ਵਿਚ ਅਪ੍ਰੈਲ-ਜੂਨ ਦੀ ਤੀਮਾਹੀ ਵਿਚ ਸੋਨੇ ਦੀ ਮੰਗ 70 ਫ਼ੀਸਦੀ ਘੱਟ ਕੇ 63.7 ਟਨ ਰਹਿ ਗਈ। ਵਿਸ਼ਵ ਸੋਨਾ ਪਰਿਸ਼ਦ (ਡਬਲਯੂ.ਜੀ.ਸੀ.) ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਕਾਰਨ ਦੇਸ਼ ਵਿਚ ਲਾਗੂ ਤਾਲਾਬੰਦੀ ਦੇ ਚਲਦੇ ਸੋਨੇ ਦੀ ਮੰਗ ਵਿਚ ਗਿਰਾਵਟ ਆਈ ਹੈ। ਇਸ ਤੋਂ ਪਿਛਲੇ ਸਾਲ ਯਾਨੀ 2019 ਦੀ ਦੂਜੀ ਤੀਮਾਹੀ ਵਿਚ ਭਾਰਤ ਵਿਚ ਸੋਨੇ ਦੀ ਮੰਗ 213.2 ਟਨ ਰਹੀ ਸੀ। ਡਬਲਯੂ.ਜੀ.ਸੀ. ਦੀ 'ਦੂਜੀ ਤੀਮਾਹੀ ਵਿਚ ਸੋਨੇ ਦੀ ਮੰਗ ਦੇ ਰੁਖ਼ 'ਤੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁੱਲ ਦੇ ਹਿਸਾਬ ਨਾਲ ਦੂਜੀ ਤੀਮਾਹੀ ਵਿਚ ਭਾਰਤ ਵਿਚ ਸੋਨੇ ਦੀ ਮੰਗ 57 ਫ਼ੀਸਦੀ ਘੱਟ ਕੇ 26,600 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ ਦੀ ਸਮਾਨ ਤੀਮਾਹੀ ਵਿਚ 62,420 ਕਰੋੜ ਰੁਪਏ ਸੀ। ਦੂਜੀ ਤੀਮਾਹੀ ਵਿਚ ਗਹਿਣਿਆਂ ਦੀ ਮੰਗ 74 ਫ਼ੀਸਦੀ ਘੱਟ ਕੇ 168.6 ਟਨ ਤੋਂ 44 ਟਨ 'ਤੇ ਆ ਗਈ। ਮੁੱਲ ਦੇ ਹਿਸਾਬ ਨਾਲ ਗਹਿਣਿਆਂ ਦੀ ਮੰਗ 63 ਫ਼ੀਸਦੀ ਘੱਟ ਕੇ 18,350 ਕਰੋੜ ਰੁਪਏ ਰਹਿ ਗਈ, ਜੋ 2019 ਦੀ ਸਮਾਨ ਮਿਆਦ ਵਿਚ 49,380 ਕਰੋੜ ਰੁਪਏ ਸੀ।

ਇਸੇ ਤਰ੍ਹਾਂ ਨਿਵੇਸ਼ ਲਈ ਸੋਨੇ ਦੀ ਮੰਗ 56 ਫ਼ੀਸਦੀ ਘੱਟ ਕੇ 19.8 ਟਨ ਰਹਿ ਗਈ, ਜੋ ਇਕ ਸਾਲ ਪਹਿਲਾਂ ਸਮਾਨ ਮਿਆਦ ਵਿਚ 44.5 ਟਨ ਸੀ। ਮੁੱਲ ਦੇ ਹਿਸਾਬ ਨਾਲ ਸੋਨੇ ਦੀ ਨਿਵੇਸ਼ ਮੰਗ 37 ਫ਼ੀਸਦੀ ਘੱਟ ਕੇ 8,250 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਸਾਲ ਦੀ ਸਮਾਨ ਤੀਮਾਹੀ ਵਿਚ 13,040 ਕਰੋੜ ਰੁਪਏ ਸੀ। ਇਸ ਮਿਆਦ ਵਿਚ ਦੇਸ਼ ਵਿਚ ਸੋਨੇ ਦੀ ਰੀਸਾਇਕਲਿੰਗ ਵੀ 64 ਫ਼ੀਸਦੀ ਘੱਟ ਕੇ 13.8 ਟਨ ਰਹਿ ਗਈ, ਜੋ ਇਕ ਸਾਲ ਪਹਿਲਾਂ ਸਮਾਨ ਮਿਆਦ ਵਿਚ 37.9 ਟਨ ਸੀ। ਇਸੇ ਤਰ੍ਹਾਂ ਦੂਜੀ ਤੀਮਾਹੀ ਵਿਚ ਦੇਸ਼ ਵਿਚ ਸੋਨੇ ਦਾ ਆਯਾਤ 95 ਫ਼ੀਸਦੀ ਦੀ ਭਾਰੀ ਗਿਰਾਵਟ ਦੇ ਨਾਲ 11.6 ਟਨ ਰਹਿ ਗਿਆ, ਜੋ 2019 ਦੀ ਸਮਾਨ ਮਿਆਦ ਵਿਚ 247.4 ਟਨ ਰਿਹਾ ਸੀ। ਡਬਲਯੂ.ਜੀ.ਸੀ. ਦੇ ਪ੍ਰਬੰਧ ਨਿਰਦੇਸ਼ਕ ਭਾਰਤ ਸੋਮਸੁੰਦਰਮ ਪੀਆਰ ਨੇ ਕਿਹਾ, 'ਦੂਜੀ ਤੀਮਾਹੀ ਵਿਚ ਜਿੱਥੇ ਸੋਨੇ ਦੇ ਮੁੱਲ ਉਚਾਈ 'ਤੇ ਸਨ, ਉਥੇ ਹੀ ਇਸ ਦੌਰਾਨ ਦੇਸ਼ ਵਿਚ ਮਹਾਮਾਰੀ ਕਾਰਨ ਤਾਲਾਬੰਦੀ ਵੀ ਸੀ। ਇਨ੍ਹਾਂ ਕਾਰਣਾਂ ਨਾਲ ਦੇਸ਼ ਵਿਚ ਸੋਨੇ ਦੀ ਮੰਗ 70 ਫ਼ੀਸਦੀ ਘੱਟ ਕੇ 63.7 ਟਨ ਰਹਿ ਗਈ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਪਹਿਲੀ ਛਮਾਹੀ ਵਿਚ ਦੇਸ਼ ਵਿਚ ਸੋਨੇ ਦੀ ਮੰਗ 56 ਫ਼ੀਸਦੀ ਘੱਟ ਕੇ 165.6 ਟਨ ਰਹੀ ਹੈ। ਇਹ ਗਰੋਲਬ ਰੁਖ਼ ਦੇ ਸਮਾਨ ਹੈ। ਹਾਲਾਂਕਿ ਇਸ ਦੌਰਾਨ ਗੋਲਡ ਈ.ਟੀ.ਐਫ. ਦੀ ਖ਼ਰੀਦਾਰੀ ਵਿਚ ਮਾਮੂਲੀ ਵਾਧਾ ਹੋਇਆ।


cherry

Content Editor

Related News