ਕੋਵਿਡ-19 : ਪਿਛਲੇ 100 ਸਾਲਾਂ ''ਚ ਸਭ ਤੋਂ ਖਰਾਬ ਸਿਹਤ ਅਤੇ ਆਰਥਿਕ ਸੰਕਟ : ਸ਼ਕਤੀਕਾਂਤ ਦਾਸ

07/11/2020 10:23:26 PM

ਨਵੀਂ ਦਿੱਲੀ–ਕੋਵਿਡ-19 ਪਿਛਲੇ 100 ਸਾਲਾਂ 'ਚ ਸਭ ਤੋਂ ਖਰਾਬ ਸਿਹਤ ਅਤੇ ਆਰਥਿਕ ਸੰਕਟ ਹੈ। ਇਸ ਦਾ ਕਾਰਣ ਉਤਪਾਦਨ, ਨੌਕਰੀਆਂ ਅਤੇ ਕਲਿਆਣ ਲਈ ਨਾਹਪੱਖੀ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ। ਇਸ ਨੇ ਦੁਨੀਆ ਭਰ 'ਚ ਮੌਜੂਦਾ ਵਿਸ਼ਵ ਵਿਵਸਥਾ, ਸੰਸਾਰਿਕ ਕਦਰਾਂ-ਕੀਮਤਾਂ, ਕਿਰਤ ਅਤੇ ਪੂੰਜੀ ਮੂਵਮੈਂਟ ਨੂੰ ਰਫਤਾਰ ਦਿੱਤੀ। ਇਹ ਗੱਲਾਂ ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ 7ਵੇਂ ਐੱਸ. ਬੀ. ਆਈ. ਬੈਂਕਿੰਗ ਅਤੇ ਅਰਥਸ਼ਾਸਤਰ ਸੰਮੇਲਨ 'ਚ ਕਹੀ।

ਬੈਂਕਿੰਗ ਅਤੇ ਅਰਥਸ਼ਾਸਤਰ ਸੰਮੇਲਨ 'ਚ ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਸ਼ਾਇਦ ਹੁਣ ਤੱਕ ਦੀ ਸਾਡੀ ਆਰਥਿਕ ਅਤੇ ਵਿੱਤੀ ਪ੍ਰਣਾਲੀ ਦੀ ਮਜ਼ਬੂਤੀ ਅਤੇ ਲਚੀਲਾਪਨ ਦੀ ਸਭ ਤੋਂ ਵੱਡੀ ਪ੍ਰੀਖਿਆ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਆਰ. ਬੀ. ਆਈ. ਨੇ ਵਿੱਤੀ ਪ੍ਰਣਾਲੀ ਦੀਆਂ ਸੁਰੱਖਆਵਾਂ, ਮੌਜੂਦਾ ਸੰਕਟ 'ਚ ਅਰਥਵਿਵਸਥਾ ਨੂੰ ਸਪੋਰਟ ਕਰਨ ਲਈ ਕਈ ਵੱਡੇ ਉਪਾਅ ਕੀਤੇ ਹਨ। ਆਰ. ਬੀ. ਆਈ. ਲਈ ਸਰਬੋਤਮ ਪਹਿਲ ਵਿਕਾਸ ਹੈ। ਇਸ ਦੇ ਨਾਲ ਹੀ ਵਿੱਤੀ ਸਥਿਰਤਾ ਵੀ ਓਨੀ ਹੀ ਅਹਿਮ ਹੈ। ਆਰ. ਬੀ. ਆਈ. ਨੇ ਉਭਰਦੇ ਖਤਰਿਆਂ ਦੀ ਪਛਾਣ ਕਰਨ ਲਈ ਆਪਣੇ ਆਫਸਾਈਟ ਸਰਵਿਲਾਂਸ ਮੈਕੇਨਿਜ਼ਮ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੀ ਸਮੱਸਿਆ ਦਾ ਹੱਲ ਕਰਨ ਲਈ ਆਰ. ਬੀ. ਆਈ. ਸਾਰੇ ਹਿੱਤਧਾਰਕਾਂ ਨਾਲ ਗੱਲਬਾਤ ਕਰ ਰਿਹਾ ਹੈ।

ਅਰਥਵਿਵਸਥਾ ਦੇ ਨਾਰਮਲ ਹਾਲਾਤ ਵੱਲ ਪਰਤਣ ਦੇ ਸੰਕੇਤ ਦਿਸਣ ਲੱਗੇ
ਸ਼ਕਤੀਕਾਂਤ ਦਾਸ ਨੇ ਇਹ ਵੀ ਕਿਹਾ ਕਿ ਦਰਮਿਆਨੀ ਮਿਆਦ ਲਈ ਆਰ. ਬੀ. ਆਈ. ਨੀਤੀ ਲਾਗੂ ਕਰਨ ਲਈ ਸਾਵਧਾਨੀਪੂਰਵਕ ਮੁਲਾਂਕਣ ਦੀ ਲੋੜ ਹੋਵੇਗੀ, ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਆਉਣ ਵਾਲੇ ਸਮੇਂ 'ਚ ਸੰਕਟ ਕਿਵੇਂ ਸਾਹਮਣੇ ਆਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਨਤੀਜੇ ਵਜੋਂ ਉੱਚ ਐੱਨ. ਪੀ. ਏ. ਅਤੇ ਪੂੰਜੀ ਦਾ ਪਤਨ ਹੋਵੇਗਾ। ਪੂੰਜੀ ਜੁਟਾਉਣਾ, ਬਫਰ ਤਿਆਰ ਕਰਨਾ, ਕਰਜ਼ਾ ਫਲੋ ਅਤੇ ਵਿੱਤੀ ਪ੍ਰਣਾਲੀ ਦੀ ਮਜ਼ਬੂਤੀ ਯਕੀਨੀ ਕਰਨ ਲਈ ਕਾਫੀ ਅਹਿਮ ਹੈ। ਭਾਰਤੀ ਅਰਥਵਿਵਸਥਾ ਨੇ ਪ੍ਰਤੀਬੰਧਾਂ 'ਚ ਢਿੱਲ ਤੋਂ ਬਾਅਦ ਵਾਪਸ ਸਥਿਤੀ 'ਚ ਜਾਣ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ। ਸੰਕਟ ਦੇ ਸਮੇਂ 'ਚ ਭਾਰਤੀ ਕੰਪਨੀਆਂ ਅਤੇ ਉਦਯੋਗਾਂ ਨੇ ਬਿਹਤਰ ਕੰਮ ਕੀਤਾ।

ਹੁਣ ਤੱਕ ਆਰ. ਬੀ. ਆਈ. ਨੇ ਰੇਪੋ ਰੇਟ 'ਚ 2.50 ਫੀਸਦੀ ਦਰ ਦੀ ਕਟੌਤੀ ਕੀਤੀ
ਕੋਵਿਡ-19 ਸੰਕਟ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਰੇਪੋ ਰੇਟ 'ਚ 1.35 ਫੀਸਦੀ ਦੀ ਕਟੌਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ 'ਚ ਆਰਥਿਕ ਵਾਧਾ ਦਰ 'ਚ ਆਈ ਸੁਸਤੀ ਨਾਲ ਨਜਿੱਠਣ ਲਈ ਇਹ ਕਦਮ ਚੁੱਕੇ ਗਏ ਸਨ। ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਆਰ. ਬੀ. ਆਈ. ਰੇਪੋ ਰੇਟ 'ਚ 1.15 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਫਰਵਰੀ 2019 ਤੋਂ ਹੁਣ ਤੱਕ ਆਰ. ਬੀ. ਆਈ. ਰੇਪੋ ਰੇਟ 'ਚ 2.50 ਫੀਸਦੀ ਦਰ ਦੀ ਕਟੌਤੀ ਕਰ ਚੁੱਕਾ ਹੈ।

Karan Kumar

This news is Content Editor Karan Kumar