ਕੋਵਿਡ-19 : ਵਿਸ਼ਵ ਬੈਂਕ ਨੇ ਭਾਰਤ ਨੂੰ 1 ਅਰਬ ਡਾਲਰ ਦੀ ਸਹਾਇਤਾ ਦੇਣ ਦੀ ਦਿੱਤੀ ਮਨਜ਼ੂਰੀ

05/15/2020 6:50:44 PM

ਨਵੀਂ ਦਿੱਲੀ (ਭਾਸ਼ਾ) -ਵਿਸ਼ਵ ਬੈਂਕ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਗਰੀਬ, ਕਮਜ਼ੋਰ ਪਰਿਵਾਰਾਂ ਨੂੰ ਸਮਾਜਿਕ ਸਹਾਇਤਾ ਦੇਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ 'ਚ ਮਦਦ ਲਈ 1 ਅਰਬ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ। ਇਹ ਸਹਾਇਤਾ ਭਾਰਤੀ 'ਕੋਵਿਡ-19' ਸਮਾਜਿਕ ਹਿਫਾਜ਼ਤ ਪ੍ਰਤੀਕਿਰਿਆ ਪ੍ਰੋਗਰਾਮ ਨੂੰ ਇਨਸੈਂਟਿਵ ਦੇ ਰੂਪ 'ਚ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਵਿਸ਼ਵ ਬੈਂਕ ਨੇ 'ਕੋਵਿਡ-19' ਮਹਾਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਹੁਣ ਤਕ ਕੁਲ 2 ਅਰਬ ਡਾਲਰ ਦੇਣ ਦੀ ਵਚਨਬੱਧਤਾ ਜਤਾਈ ਹੈ।

ਪਿਛਲੇ ਮਹੀਨੇ ਭਾਰਤ ਦੇ ਸਿਹਤ ਖੇਤਰ ਦੀ ਮਦਦ ਲਈ 1 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਸੀ। ਭਾਰਤ 'ਚ ਵਰਲਡ ਬੈਂਕ ਦੇ ਕੰਟਰੀ ਡਾਇਰੈਕਟਰ ਜੁਨੈਦ ਅਹਿਮਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਦੁਨੀਆ ਭਰ 'ਚ ਸਰਕਾਰਾਂ ਨੂੰ ਲਾਗਡਾਊਨ ਅਤੇ ਸਮਾਜਿਕ ਦੂਰੀ ਨੂੰ ਲਾਗੂ ਕਰਨਾ ਪਿਆ ਹੈ।

ਇਕ ਅਰਬ ਡਾਲਰ ਦੀ ਇਸ ਸਹਾਇਤਾ 'ਚ 55 ਕਰੋੜ ਡਾਲਰ ਦਾ ਵਿੱਤ ਪੋਸ਼ਣ ਵਿਸ਼ਵ ਬੈਂਕ ਦੀ ਰਿਆਇਤੀ ਕਰਜ਼ਾ ਬ੍ਰਾਂਚ ਕੌਮਾਂਤਰੀ ਵਿਕਾਸ ਸੰਘ (ਆਈ. ਡੀ. ਏ.) ਵੱਲੋਂ ਕੀਤਾ ਜਾਵੇਗਾ, ਜਦੋਂਕਿ 20 ਕਰੋੜ ਡਾਲਰ ਕਰਜ਼ੇ ਦੇ ਰੂਪ 'ਚ ਕੌਮਾਂਤਰੀ ਪੁਨਰ ਨਿਰਮਾਣ ਅਤੇ ਵਿਕਾਸ ਬੈਂਕ (ਆਈ. ਬੀ. ਆਰ. ਡੀ.) ਵੱਲੋਂ ਦਿੱਤੇ ਜਾਣਗੇ। ਬਾਕੀ 25 ਕਰੋੜ ਰੁਪਏ 30 ਜੂਨ 2020 ਤੋਂ ਬਾਅਦ ਦਿੱਤੇ ਜਾਣਗੇ।

Karan Kumar

This news is Content Editor Karan Kumar