ਕੋਰੋਨਾ ਕਾਲ 'ਚ ਬੇਰੋਕ ਵਧੀ ਇਸ ਭਾਰਤੀ ਦੀ ਸੰਪਤੀ, ਵਿਸ਼ਵ ਦੇ 100 ਅਰਬਪਤੀਆਂ ਦੀ ਸੂਚੀ 'ਚ ਸ਼ਾਮਲ

06/24/2020 4:25:27 PM

ਮੁੰਬਈ : ਕੋਵਿਡ-19 ਲਾਗ (ਮਹਾਮਾਰੀ) ਦੌਰਾਨ ਭਾਰਤੀ ਅਰਬਪਤੀਆਂ ਵਿਚ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮਾਲਕ ਸਾਇਰਸ ਪੂਨਾਵਾਲਾ ਦੀ ਸੰਪਤੀ ਸਭ ਤੋਂ ਤੇਜ਼ੀ ਨਾਲ ਵਧੀ ਹੈ ਅਤੇ ਗਲੋਬਲ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਸੰਪਤੀ ਵਧਣ ਦੀ ਰਫ਼ਤਾਰ ਦੇ ਮਾਮਲੇ ਵਿਚ ਉਹ 5ਵੇਂ ਸਥਾਨ 'ਤੇ ਹਨ। ਹੁਰੁਨ ਵੱਲੋਂ ਜਾਰੀ ਰਿਪੋਰਟ ਅਨੁਸਾਰ ਪੂਨਾਵਾਲਾ ਦੁਨੀਆ ਦੇ ਟਾਪ 100 ਅਰਬਪਤੀਆਂ ਦੀ ਲਿਸਟ ਵਿਚ ਸ਼ਾਮਲ ਹੋ ਗਏ ਹਨ। ਹਾਲਾਂਕਿ ਪਹਿਲੇ ਸਥਾਨ 'ਤੇ ਅਜੇ ਵੀ ਐਮਾਜ਼ੋਨ ਦੇ ਸੀ.ਈ.ਓ. ਜੈਫ ਬੇਜੋਸ ਬਣੇ ਹੋਏ ਹਨ। ਰਿਪੋਰਟ ਮੁਤਾਬਕ 31 ਮਈ 2020 ਤੱਕ ਦੇ ਅਰਬਪਤੀਆਂ ਦੀ ਸੂਚੀ ਵਿਚ ਪੂਨਾਵਾਲਾ ਦੁਨੀਆ ਦੇ 86ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਨੇ 57 ਪਾਏਦਾਨ ਦੀ ਛਾਲ ਲਗਾ ਕੇ ਇਹ ਸਥਾਨ ਹਾਸਲ ਕੀਤਾ ਹੈ। ਮਹਾਮਾਰੀ ਦੇ 4 ਮਹੀਨਿਆਂ ਦੌਰਾਨ ਉਨ੍ਹਾਂ ਦੀ ਨੈੱਟਵਰਥ ਵਿਚ 25 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਕੰਪਨੀ ਹੈ। ਪੂਨਾਵਾਲਾ ਦੀ ਨੈੱਟਵਰਥ ਵਧਾਉਣ ਵਿਚ ਉਨ੍ਹਾਂ ਦੀ ਇਸ ਗੈਰ-ਸੂਚੀਬੱਧ ਕੰਪਨੀ ਦੀ ਟੀਕਾ ਨਿਰਮਾਣ ਅਤੇ ਵੰਡ ਨਾਲ ਜੁੜੀ ਕਾਰੋਬਾਰੀ ਸੰਭਾਵਨਾਵਾਂ ਨੇ ਮੁੱਖ ਤੌਰ 'ਤੇ ਮਦਦ ਕੀਤੀ ਹੈ। ਹਾਲ ਹੀ ਵਿਚ ਉਨ੍ਹਾਂ ਦੀ ਕੰਪਨੀ ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਕੋਰੋਨਾ ਵਾਇਰਸ ਦੇ ਇਕ ਅਰਬ ਟੀਕਿਆਂ ਦੇ ਨਿਰਮਾਣ ਲਈ ਐਸਟਰਾਜੇਨੇਕਾ ਨਾਲ ਇਕ ਸਮਝੌਤਾ ਵੀ ਕੀਤਾ ਹੈ।

ਟਾਪ 100 ਵਿਚ 3 ਹੋਰ ਭਾਰਤੀ
ਸਿਖ਼ਰ 100 ਅਰਬਪਤੀਆਂ ਦੀ ਸੂਚੀ ਵਿਚ ਪੂਨਾਵਾਲਾ ਦੇ ਇਲਾਵਾ ਤਿੰਨ ਭਾਰਤੀ ਹੋਰ ਹਨ। ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਸਭ ਤੋਂ ਅਮੀਰ ਭਾਰਤੀ ਹਨ। ਹਾਲਾਂਕਿ ਉਨ੍ਹਾਂ ਦੀ ਸੰਪਤੀ ਕੋਵਿਡ-19 ਦੇ ਪਹਿਲੇ ਦੇ ਪੱਧਰ ਤੋਂ ਇਕ ਫ਼ੀਸਦੀ ਡਿੱਗੀ ਹੈ। ਇਸਦੇ ਬਾਵਜੂਦ ਵਿਸ਼ਵ ਰੈਕਿੰਗ ਵਿਚ ਉਹ ਇਕ ਸਥਾਨ ਵੱਧ ਕੇ ਦੁਨੀਆ ਦੇ 8ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸਿਖ਼ਰ 100 ਵਿਚ ਐਚ.ਸੀ.ਐਲ. ਦੇ ਸ਼ਿਵ ਨਾਦਰ ਅਤੇ ਅਡਾਨੀ ਸਮੂਹ ਦੇ ਗੌਤਮ ਅਡਾਨੀ ਹੀ ਭਾਰਤ ਵੱਲੋਂ ਸ਼ਾਮਲ ਹਨ।

ਇਹ ਹਨ ਦੁਨੀਆ ਦੇ 10 ਸਿਖ਼ਰ ਅਰਬਪਤੀ
ਸੂਚੀ ਵਿਚ ਐਮਾਜ਼ੋਨ ਦੇ ਜੈਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਉਨ੍ਹਾਂ ਦੇ ਬਾਅਦ ਮਾਈਕ੍ਰੋਸਾਫਟ ਦੇ ਬਿਲਗੇਟਸ ਦੂਜੇ, ਐਲ.ਵੀ.ਐਮ.ਐਚ. ਦੇ ਬਰਨਾਰਡ ਆਰਨਾਲਟ ਤੀਜੇ, ਬਰਕਸ਼ਾਇਰ ਹੈਥਵੇ ਦੇ ਵਾਰੇਨ ਬਫੇਟ ਚੌਥੇ, ਫੇਸਬੁੱਕ ਦੇ ਮਾਰਕ ਜੁਕਰਬਰਗ ਪੰਜਵੇਂ, ਮਾਈਕ੍ਰੋਸਾਫਟ ਦੇ ਸਟੀਵ ਬਾਲਮਰ ਛੇਵੇਂ, ਇੰਡੀਟੇਕਸ ਦੇ ਅਮਾਨਸਿਓ ਆਰਟੇਗਾ ਸੱਤਵੇਂ, ਗੂਗਲ ਦੇ ਸਰਜੀ ਬ੍ਰਿਨ ਨੌਵੇਂ ਅਤੇ ਗੂਗਲ ਦੇ ਲੈਰੀ ਪੇਜ ਦੱਸਵੇਂ ਸਥਾਨ 'ਤੇ ਹਨ।

cherry

This news is Content Editor cherry