'ਕੋਵਿਡ-19' ਦੇ ਗੌਣ ਪ੍ਰਭਾਵ:ਕਾਰੋਬਾਰ ਨਾਲ ਜੁੜੇ ਕਰੀਬ 4.2 ਕਰੋੜ ਲੋਕਾਂ ਦੇ ਰੋਜ਼ਗਾਰ 'ਤੇ ਸੰਕਟ

06/13/2020 10:21:13 AM

ਨਵੀਂ ਦਿੱਲੀ (ਵਿਸ਼ੇਸ਼) : ਸਰਕਾਰ ਨੇ ਭਾਵੇਂ ਹੀ ਹੋਟਲ, ਮਾਲਜ਼ ਅਤੇ ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਕੋਰੋਨਾ ਵਾਇਰਸ ਕਾਰਣ ਹੁਣ ਤੱਕ ਦੇ ਸਭ ਤੋਂ ਮਾੜੇ ਦੌਰ 'ਚੋਂ ਲੰਘ ਰਹੀ ਹੋਟਲ ਇੰਡਸਟਰੀ ਦੇ ਜਲਦ ਪੱਟੜੀ 'ਤੇ ਪਰਤਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਹਰੇਕ ਕਾਰੋਬਾਰ 'ਤੇ ਪਏ ਅਸਰ ਕਾਰਣ ਕੋਈ ਹੋਟਲਾਂ ਵੱਲ ਰੁਖ ਨਹੀਂ ਕਰ ਰਿਹਾ। ਇਸ 'ਤੇ ਹੋਟਲ ਕਾਰੋਬਾਰੀਆਂ ਨੇ ਵੀ ਚਿੰਤਾ ਜਤਾਈ ਹੈ ਕਿ ਕੋਰੋਨਾ ਵਾਇਰਸ ਕਾਰਣ ਇਸ ਸਾਲ ਵਿਦੇਸ਼ੀ ਸੈਲਾਨੀਆਂ ਦੇ ਭਾਰਤ ਸੈਰ-ਸਪਾਟੇ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿਰਫ ਭਾਰਤ ਹੀ ਨਹੀਂ, ਪੂਰੇ ਵਿਸ਼ਵ 'ਚ ਅਜਿਹੇ ਹਾਲਾਤ ਬਣੇ ਹੋਏ ਹਨ। ਅਜਿਹੀ ਹਾਲਤ 'ਚ ਵੱਡੇ-ਵੱਡੇ ਹੋਟਲ ਮਾਲਿਕਾਂ ਨੇ ਕਾਰੋਬਾਰ ਬਦਲਣ ਤੱਕ ਦਾ ਮੰਨ ਬਣਾ ਲਿਆ ਹੈ।

ਭਾਰਤ ਦੇ ਸਭ ਤੋਂ ਪਹਿਲਾਂ ਵਾਟਰ ਰਿਜ਼ਾਰਟ ਦਾ ਦਾਅਵਾ ਕਰਨ ਵਾਲੇ ਗੁੜਗਾਂਵ ਦੇ ਥ੍ਰੀ ਸਟਾਰ ਹੋਟਲ 'ਵੈਟ ਐਨ ਵਾਈਲਡ' ਹੋਟਲ ਐਂਡ ਰਿਜ਼ਾਟਰਸ ਦੇ ਮਾਲਿਕ ਰਾਜ ਸਹਿਗਲ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਵਾਟਰ ਰਿਜ਼ਾਰਟ ਨੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਸ਼ਾਰਟ ਵੀਕੈਂਡ ਟਰਿਪ ਕਲਚਰ (ਲਘੂ ਹਫਤਾਵਾਰ ਯਾਤਰਾ ਸੰਸਕ੍ਰਿਤੀ) ਨੂੰ ਸਰੂਪ ਦੇਣ 'ਚ ਮਦਦ ਕੀਤੀ ਹੈ ਪਰ ਹੁਣ 'ਕੋਵਿਡ-19' ਦੇ ਕਹਿਰ ਕਾਰਣ ਵਪਾਰ 'ਚ ਆਈ ਮੰਦੀ ਕਾਰਣ ਉਹ ਵੀ ਆਪਣਾ ਕਾਰੋਬਾਰ ਬੰਦ ਕਰਨ ਦੀ ਸੋਚ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਹੋਟਲ ਕਾਰੋਬਾਰ ਦੇ ਜ਼ਿੰਦਾ ਰਹਿਣ ਦੀ ਉਮੀਦ ਨਹੀਂ ਹੈ। ਇਸ ਕਾਰਣ ਉਹ ਹੋਟਲ ਨੂੰ ਬੰਦ ਕਰ ਕੇ ਲੈਂਡ ਯੂਜ਼ ਐਗਰੀਮੈਂਟ ਬਦਲਵਾਉਣ ਜਾ ਰਹੇ ਹਨ। ਇਸ ਜਗ੍ਹਾ 'ਤੇ ਉਹ ਕੋਈ ਹੋਰ ਕਾਰੋਬਾਰ ਕਰਨ ਦੀ ਸੋਚ ਰਹੇ ਹਨ।

ਸਹਿਗਲ ਨੇ ਕਿਹਾ ਕਿ ਸਾਡੇ ਕੋਲ 13 ਏਕੜ ਜ਼ਮੀਨ ਹੈ, ਜਿਸ 'ਚੋਂ 5.5 ਏਕੜ 'ਚ ਰਿਜ਼ਾਰਟ ਫੈਲਿਆ ਹੋਇਆ ਹੈ। ਹਾਲਾਤ ਅਜਿਹੇ ਹਨ ਕਿ ਮੌਜੂਦਾ ਸਮੇਂ 'ਚ ਕੋਈ ਵੀ ਹੋਟਲ 'ਚ ਨਿਵੇਸ਼ ਨਹੀਂ ਕਰਨਾ ਚਾਹੁੰਦਾ ਹੈ, ਇਸ ਲਈ ਅਸੀ ਉਮੀਦ ਕਰ ਰਹੇ ਹਾਂ ਕਿ ਸਰਕਾਰ ਸਾਨੂੰ ਹੋਟਲ ਕੰਪਲੈਕਸ 'ਚ ਕੁੱਝ ਹੋਰ ਕਾਰੋਬਾਰ ਜਿਵੇਂ ਕਿ ਸਰਵਿਸਡ ਅਪਾਰਟਮੈਂਟ ਨੂੰ ਕਰਨ ਦੀ ਆਗਿਆ ਦੇਵੇਗੀ। ਅਜਿਹਾ ਕਰਨ ਦਾ ਇਕੱਲੇ ਰਾਜ ਸਹਿਗਲ ਨੇ ਮੰਨ ਨਹੀਂ ਬਣਾਇਆ ਹੈ । ਦੇਸ਼ ਭਰ 'ਚ ਹੋਟਲ ਮਾਲਿਕ ਖਰਾਬ ਸੰਭਾਵਨਾਵਾਂ ਦਾ ਸਾਹਮਣਾ ਕਰ ਰਹੇ ਹਨ ਜਾਂ ਕਰਜ਼ੇ ਕਾਰਣ ਤਣਾਅ 'ਚ ਹਨ। ਅਜਿਹੀ ਹਾਲਤ 'ਚ ਉਹ ਜਲਦ ਹੀ ਚੇਂਜ ਆਫ ਲੈਂਡ ਯੂਜ਼ ਐਗਰੀਮੈਂਟ ਚਾਹੁੰਦੇ ਹਨ, ਤਾਂਕਿ ਜਾਂ ਤਾਂ ਉਹ ਆਪਣੀ ਜ਼ਮੀਨ ਦੀ ਵਰਤੋਂ ਰਿਹਾਇਸ਼ੀ ਸੇਵਾਵਾਂ ਜਾਂ ਫਿਰ ਆਫਿਸ ਸਪੇਸ ਲਈ ਕਰ ਸਕਣ।

ਬੈਂਕਾਂ ਨੇ ਕਰਜ਼ਿਆਂ ਦਾ ਪੁਨਰਗਠਨ ਨਹੀਂ ਕੀਤਾ ਤਾਂ ਮਾਲਿਕਾਂ ਕੋਲ ਕੋਈ ਬਦਲ ਨਹੀਂ
ਸਲਾਹ-ਮਸ਼ਵਰਾ ਅਤੇ ਸਲਾਹਕਾਰ ਫਰਮਾਂ ਨੇ ਕਿਹਾ ਕਿ ਮਾਲਿਕਾਂ ਅਤੇ ਇੱਛੁਕ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ, ਜੋ ਆਪਣੀ ਜਾਇਦਾਦ ਨੂੰ ਤਬਦੀਲ ਕਰਣ 'ਤੇ ਵਿਚਾਰ ਕਰ ਰਹੇ ਹਨ। ਕਰਜ਼ਾ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨ ਵਾਲੀ ਤਣਾਅਗ੍ਰਸਤ ਜਾਇਦਾਦਾਂ ਦੀ ਸੂਚੀ ਪ੍ਰਮੁੱਖ ਸ਼ਹਿਰਾਂ 'ਚ ਕੁੱਝ ਵੱਡੇ ਹੋਟਲਾਂ ਦੇ ਰੂਪ 'ਚ ਪ੍ਰਫੁੱਲਿਤ ਹੋਵੇਗੀ।

ਦਿੱਲੀ ਅਤੇ ਮੁੰਬਈ 'ਚ ਕੁੱਝ ਨਾਮੀ ਜਾਇਦਾਦਾਂ ਮੁਸ਼ਕਲ 'ਚ ਹਨ। ਹਾਸਪਟੈਲਿਟੀ ਐਡਵਾਈਜ਼ਰੀ ਫਰਮ ਨੋਇਸਿਸ ਕੈਪੀਟਲ ਐਡਵਾਈਜ਼ਰਜ਼ ਦੇ ਸੀ. ਈ. ਓ. ਨੰਦੀਵਰਧਨ ਜੈਨ ਨੇ ਦੱਸਿਆ ਕਿ ਦਿੱਲੀ 'ਚ ਸਭ ਤੋਂ ਚੰਗੀ ਲੋਕੇਸ਼ਨ 'ਤੇ ਸਥਿਤ ਇਕ ਫਾਈਵ ਸਟਾਰ ਹੋਟਲ ਕਰਜ਼ਾ ਜੋਖਮਾਂ ਕਾਰਣ ਬੰਦ ਕਰਨਾ ਪੈ ਸਕਦਾ ਹੈ। 'ਕੋਵਿਡ-19' ਕਾਰਣ ਬਹੁਤ ਕੁੱਝ ਬਦਲਣ ਜਾ ਰਿਹਾ ਹੈ। ਜੇਕਰ ਬੈਂਕ ਆਪਣੇ ਕਰਜ਼ੇ ਦਾ ਪੁਨਰਗਠਨ ਨਹੀਂ ਕਰਦੇ ਹਨ ਤਾਂ ਮਾਲਿਕਾਂ ਕੋਲ ਹਿੱਸੇਦਾਰੀ ਤੋਂ ਬਾਹਰ ਨਿਕਲਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ। ਜੈਨ ਨੇ ਕਿਹਾ ਕਿ ਕੰਪਨੀਆਂ,''ਜੋ ਓਵਰਲਿਵਰੇਜਡ (ਬਹੁਤ ਜ਼ਿਆਦਾ ਕਰਜ਼ਾ) ਹਨ ਜਾਂ ਮਾਮੂਲੀ ਰੂਪ ਨਾਲ ਲਿਵਰੇਜਡ ਹਨ, ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਨੇ 6 ਮਹੀਨਿਆਂ ਦੀ ਮੁਹਲਤ ਦਿੱਤੀ ਹੈ, ਬਾਕੀ ਬੈਂਕਾਂ 'ਤੇ ਛੱਡ ਦਿੱਤਾ ਹੈ।


ਜਾਇਦਾਦਾਂ ਨੂੰ ਰਿਟੇਲ ਸਟੋਰ 'ਚ ਬਦਲਣ ਦਾ ਵਿਚਾਰ
ਐੱਚ. ਵੀ. ਐੱਸ. ਏਨਾਰਾਕ ਦੇ ਦੱਖਣ ਏਸ਼ੀਆ ਦੇ ਪ੍ਰਧਾਨ ਮੰਦੀਪ ਲਾਂਬਾ ਨੇ ਕਿਹਾ ਕਿ ਹਾਸਪਟੈਲਿਟੀ ਸੈਕਟਰ ਗੰਭੀਰ ਰੂਪ ਨਾਲ ਪ੍ਰਭਾਵਿਤ ਹੈ। ਕਈ ਆਪ੍ਰੇਟਿੰਗ ਅਤੇ ਅੰਡਰ-ਡਿਵੈੱਲਪਮੈਂਟ ਪ੍ਰਾਜੈਕਟਾਂ ਦੇ ਮਾਲਿਕ ਆਪਣੀ ਜਾਇਦਾਦ ਜਾਂ ਦੁਬਾਰਾ ਵਿਕਾਸ ਦੇ ਬਦਲਵੀਂ ਵਰਤੋਂ ਦਾ ਪਤਾ ਲਾ ਰਹੇ ਹਨ। ਸ਼ਿਮਲਾ 'ਚ ਈਸਟ ਬਾਰਨ ਰਿਜ਼ਾਰਟ ਦੇ ਪ੍ਰਬੰਧ ਨਿਰਦੇਸ਼ਕ ਸੰਜੈ ਮਦਾਨ ਨੇ ਆਪਣੇ ਫੋਰ ਸਟਾਰ ਹੋਟਲ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਹੈ। ਮਦਾਨ ਨੇ ਦੱਸਿਆ ਕਿ ਸਾਡਾ 75 ਕਮਰਿਆਂ ਵਾਲਾ ਹੋਟਲ ਹੈ, ਜਿਸ 'ਚ 1,000 ਲੋਕਾਂ ਲਈ ਬੈਂਕਵੇਟ ਹਾਲ (ਭੋਜਨ ਦਾ ਸਥਾਨ) ਤੋਂ ਇਲਾਵਾ ਪੂਲ ਅਤੇ ਸਪਾਅ ਹੈ ਪਰ ਹੁਣ ਅਸੀਂ ਹਾਸਪਟੈਲਿਟੀ ਤੋਂ ਬਾਹਰ ਹੋ ਰਹੇ ਹਨ ਅਤੇ ਅਜਿਹਾ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਨਾ ਮਿਲਣ ਕਾਰਣ ਕਰ ਰਹੇ ਹਨ। ਅਸੀਂ ਆਪਣੇ ਕਰਮਚਾਰੀਆਂ ਅਤੇ ਹੋਰ ਲਾਗਤਾਂ ਲਈ ਬੈਂਕਾਂ 'ਚ ਜਾ ਰਹੇ ਹਾਂ ਅਤੇ ਬੈਂਕ ਪੁੱਛ ਰਹੇ ਹਨ ਕਿ ਅਸੀਂ ਪੈਸੇ ਕਿਵੇਂ ਵਾਪਸ ਕਰਾਂਗੇ।

  • 53 ਹਜ਼ਾਰ ਹੋਟਲ ਅਤੇ 5 ਲੱਖ ਤੋਂ ਜ਼ਿਆਦਾ ਰੈਸਟੋਰੈਂਟਸ ਹਨ ਦੇਸ਼ 'ਚ।
  • 4.2 ਕਰੋੜ ਲੋਕਾਂ ਦਾ ਰੋਜ਼ਗਾਰ ਜੁੜਿਆ ਹੈ ਟੂਰਿਜ਼ਮ ਸੈਕਟਰ ਨਾਲ, ਜੋਕਿ ਦੇਸ਼ 'ਚ ਉਪਲੱਬਧ ਕੁਲ ਨੌਕਰੀਆਂ ਦਾ 8.1 ਫੀਸਦੀ ਹੈ।


ਅਗਲੇ ਕੁੱਝ ਮਹੀਨੇ ਸਾਰਿਆਂ ਲਈ ਮਹੱਤਵਪੂਰਣ
ਭਾਰਤ 'ਚ ਜੋਂਸ ਲੈਂਗ ਲਾਸੇਲ ਦੇ ਹੋਟਲ ਅਤੇ ਹਾਸਪਟੈਲਿਟੀ ਗਰੁੱਪ ਦੇ ਐੱਮ. ਡੀ. ਜੈਦੀਪ ਡਾਂਗ ਨੇ ਕਿਹਾ ਕਿ ਕੋ-ਲਿਵਿੰਗ ਸਪੇਸ, ਸਟੂਡੈਂਟ ਹਾਊਸਿੰਗ ਅਤੇ ਸੀਨੀਅਰ ਲਿਵਿੰਗ ਕੰਪਨੀਆਂ ਅੱਧੇ-ਅਧੂਰੇ ਹੋਟਲਾਂ ਜਾਂ ਹਾਲ ਹੀ 'ਚ ਖੋਲ੍ਹੇ ਗਏ ਹੋਟਲਾਂ ਦੇ ਬਾਰੇ 'ਚ ਪੁੱਛਗਿੱਛ ਕਰ ਰਹੀਆਂ ਹਨ, ਜਿਨ੍ਹਾਂ ਨੂੰ ਤਬਦੀਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਬੈਂਗਲੁਰੂ 'ਚ ਅਜਿਹੇ ਕੁੱਝ ਮੌਕਿਆਂ ਦੀ ਭਾਲ ਕੀਤੀ ਹੈ, ਜਿਨ੍ਹਾਂ ਦਾ ਉਹ ਮੁਲਾਂਕਣ ਕਰ ਰਹੇ ਹਨ। ਲਿਬਾਸ ਹੋਟਲਸ ਗਰੁੱਪ ਦੇ ਨਿਰਦੇਸ਼ਕ ਵਿਭਾਸ ਪ੍ਰਸਾਦ, ਜਿਨ੍ਹਾਂ ਦੇ ਕਾਰਬੈਟ ਨੈਸ਼ਨਲ ਪਾਰਕ, ਹਰਿਦੁਆਰ, ਨੈਨੀਤਾਲ, ਰਿਸ਼ੀਕੇਸ਼, ਕਸੌਲੀ, ਨੌਕੁਚਿਆਤਾਲ ਵਰਗੇ ਸਥਾਨਾਂ 'ਤੇ ਹੋਟਲ ਹਨ, ਨੇ ਕਿਹਾ ਕਿ ਉਹ ਅਕਤੂਬਰ ਤੱਕ ਹਾਲਾਤ ਠੀਕ ਹੋਣ ਦੀ ਉਮੀਦ ਕਰ ਰਹੇ ਹਨ ਅਤੇ ਅਗਲੇ ਕੁੱਝ ਮਹੀਨੇ ਮਹੱਤਵਪੂਰਣ ਹਨ। ਹੋਟਲੀਅਰ ਰਾਜ ਚੋਪੜਾ, ਜਿਨ੍ਹਾਂ ਕੋਲ ਗੋਆ 'ਚ 2 ਮੈਰੀਅਟ ਹੋਟਲ ਹਨ, ਨੇ ਕਿਹਾ ਕਿ ਉਦਯੋਗ ਨੂੰ ਬਹੁਤ ਨੁਕਸਾਨ ਹੋਇਆ ਹੈ। ਸਾਡੇ ਲਈ ਕੰਮ ਕਰ ਰਹੇ 600 ਲੋਕਾਂ 'ਚੋਂ 500 ਗਾਇਬ ਹੋ ਗਏ। ਸਾਨੂੰ ਉਨ੍ਹਾਂ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਆਰਥਿਕ ਰੂਪ ਨਾਲ ਇਹ ਇਕ ਵੱਡਾ ਝਟਕਾ ਰਿਹਾ ਹੈ ਅਤੇ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਹੈ।

cherry

This news is Content Editor cherry