ਇੰਡਸਟਰੀ ਨੂੰ ਰਾਹਤ, ਸਟੀਲ ਦਰਾਮਦ ''ਤੇ ਲੱਗ ਸਕਦੀ ਹੈ ਵਾਧੂ ਡਿਊਟੀ

08/05/2019 3:53:57 PM

ਨਵੀਂ ਦਿੱਲੀ— ਸਰਕਾਰ ਪੰਜ ਸਾਲਾਂ ਲਈ ਚੀਨ ਤੇ ਵੀਅਤਨਾਮ ਤੋਂ ਕੁਝ ਪ੍ਰਕਾਰ ਦੇ ਸਟੀਲ ਪਾਈਪਾਂ ਅਤੇ ਟਿਊਬਾਂ 'ਤੇ 'ਕਾਊਂਟਰਵੇਲਿੰਗ ਡਿਊਟੀ' ਲਗਾ ਸਕਦੀ ਹੈ, ਜੋ ਘਰੇਲੂ ਇੰਡਸਟਰੀ ਨੂੰ ਸਸਤੀ ਦਰਾਮਦ ਤੋਂ ਬਚਾਉਣ ਲਈ ਇਕ ਕਦਮ ਹੈ। 'ਵੈਲਡੇਡ ਸਟੇਨਲੈਸ ਸਟੀਲ ਪਾਈਪਾਂ ਅਤੇ ਟਿਊਬਾਂ' 'ਤੇ ਡਿਊਟੀ ਲਾਉਣ ਦੀ ਇਹ ਸਿਫਾਰਸ਼ ਕਾਮਰਸ ਮੰਤਰਾਲਾ ਦੀ ਜਾਂਚ ਏਜੰਸੀ ਡੀ. ਜੀ. ਟੀ. ਆਰ. ਨੇ ਇਸ ਸਬੰਧ 'ਚ ਜਾਂਚ ਮੁਕੰਮਲ ਕਰਨ ਤੋਂ ਬਾਅਦ ਕੀਤੀ ਹੈ।
 

 

ਸਟੇਨਲੈਸ ਸਟੀਲ ਪਾਈਪ ਤੇ ਟਿਊਬ ਨਿਰਮਾਤਾ ਸੰਗਠਨਾਂ, ਜਿਸ 'ਚ ਹਰਿਆਣਾ ਸਟੇਨਲੈਸ ਸਟੀਲ ਪਾਈਪ ਤੇ ਟਿਊਬ ਨਿਰਮਾਤਾ ਐਸੋਸੀਏਸ਼ਨ ਵੀ ਸ਼ਾਮਲ ਹੈ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਕਤ ਦੋਹਾਂ ਦੇਸ਼ਾਂ ਤੋਂ ਸਸਤੀ ਦਰਾਮਦ 'ਚ ਮਾਲ ਭਾਰਤ 'ਚ ਡੰਪ ਕੀਤਾ ਜਾ ਰਿਹਾ ਹੈ। ਵਣਜ ਮੰਤਰਾਲਾ ਦੀ ਜਾਂਚ ਏਜੰਸੀ ਡਾਇਰੈਕਟੋਰੇਟ ਜਨਰਲ ਟਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਨੇ ਇਸ ਨੂੰ ਸਹੀ ਪਾਇਆ। ਡੀ. ਜੀ. ਟੀ. ਆਰ. ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਇਸ ਕਾਰਨ ਘਰੇਲੂ ਇੰਡਸਟਰੀ ਨੂੰ ਨੁਕਸਾਨ ਪਹੁੰਚ ਰਿਹਾ ਹੈ।

ਡਾਇਰੈਕਟੋਰੇਟ ਜਨਰਲ ਟਰੇਡ ਰੈਮੇਡੀਜ਼ ਨੇ ਕੇਂਦਰ ਸਰਕਾਰ ਵੱਲੋਂ ਇਸ ਸਬੰਧ 'ਚ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਾਰੀਕ ਤੋਂ ਇਕ ਨਿਸ਼ਚਿਤ ਕਾਊਂਟਰਵੇਲਿੰਗ ਡਿਊਟੀ ਲਾਉਣ ਦੀ ਸਿਫਾਰਸ਼ ਕੀਤੀ ਹੈ। ਡੀ. ਜੀ. ਟੀ. ਆਰ. ਵੱਲੋਂ ਸਿਫਾਰਸ਼ ਕੀਤੀ ਗਈ ਡਿਊਟੀ 29.88 ਅਤੇ 10.33 ਫੀਸਦੀ ਵਿਚਕਾਰ ਹੈ, ਜਿਸ 'ਤੇ ਅੰਤਿਮ ਫੈਸਲਾ ਵਿੱਤ ਮੰਤਰਾਲਾ ਲਵੇਗਾ। ਵਣਜ ਮੰਤਰਾਲਾ ਦੀ ਜਾਂਚ ਏਜੰਸੀ ਨੇ ਕਿਹਾ ਹੈ ਕਿ ਇਸ ਨਾਲ ਦਰਾਮਦ 'ਤੇ ਪਾਬੰਦੀ ਨਹੀਂ ਲੱਗੇਗੀ ਤੇ ਨਾ ਹੀ ਖਪਤਕਾਰਾਂ ਨੂੰ ਇਸ ਲਈ ਕੋਈ ਵਾਧੂ ਖਰਚ ਕਰਨਾ ਪਵੇਗਾ। ਇਸ ਕਦਮ ਨਾਲ ਸਿਰਫ ਇੰਡਸਟਰੀ ਨੂੰ ਰਾਹਤ ਮਿਲੇਗੀ।


Related News