ਇੰਪੋਰਟ ਵਿਚ ਉਛਾਲ ਕਾਰਨ ਕਪਾਹ ਕਿਸਾਨਾਂ ਨੂੰ ਹੋ ਸਕਦਾ ਹੈ ਘਾਟਾ!

10/19/2019 1:39:33 PM

ਮੁੰਬਈ— ਕਿਸਾਨਾਂ ਦੀ ਜੇਬ 'ਤੇ ਮੁਸ਼ਕਲ ਘੜੀ ਦਾ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਲੋਕਲ ਕੀਮਤਾਂ ਨਾਲੋਂ ਕੌਮਾਂਤਰੀ ਮੁੱਲ ਘੱਟ ਹੋਣ ਕਾਰਨ ਕਪਾਹ ਦਾ ਇੰਪੋਰਟ ਲਗਾਤਾਰ ਜਾਰੀ ਹੈ। ਇੰਡੀਆ ਰੇਟਿੰਗਜ਼ ਤੇ ਰਿਸਰਚ ਕ੍ਰੈਡਿਟ ਦੀ ਰਿਪੋਰਟ ਮੁਤਾਬਕ, 31 ਅਗਸਤ ਤਕ 23 ਲੱਖ ਗੰਢ ਕਪਾਹ ਦਰਾਮਦ ਕੀਤੀ ਗਈ ਹੈ, ਜਦੋਂ ਕਿ ਪਿਛਲੇ ਸੀਜ਼ਨ 'ਚ ਇਸ ਦੌਰਾਨ ਇਹ ਅੰਕੜਾ 8 ਲੱਖ ਗੰਢ ਸੀ। ਕੌਮਾਂਤਰੀ ਮੁੱਲ ਲੋਕਲ ਕੀਮਤਾਂ ਨਾਲੋਂ ਘੱਟ ਹੋਣ ਨਾਲ ਦਰਾਮਦ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਸਥਾਨਕ ਕੀਮਤਾਂ 'ਚ ਹੋਰ ਗਿਰਾਵਟ ਹੋਣ ਦਾ  ਖਦਸ਼ਾ ਹੈ।


ਰੇਟਿੰਗ ਏਜੰਸੀ ਮੁਤਾਬਕ, ਵਿਸ਼ਵ ਪੱਧਰ 'ਤੇ ਕਪਾਹ ਦਾ ਉਤਪਾਦਨ ਮੰਗ ਤੋਂ ਕਿਤੇ ਵੱਧ ਹੋਣ ਕਾਰਨ ਕੌਮਾਂਤਰੀ ਬਾਜ਼ਾਰਾਂ 'ਚ ਕੀਮਤ ਨਰਮ ਹੀ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਇਸ ਦਾ ਇੰਪੋਰਟ ਜਾਰੀ ਰਹੇਗਾ। ਉੱਥੇ ਹੀ, ਮੰਗ 'ਚ ਸੁਸਤੀ ਤੇ ਮੁਕਾਬਲੇਬਾਜ਼ੀ ਵਧਣ ਕਾਰਨ ਸੂਤੀ ਧਾਗੇ ਦੀ ਬਰਾਮਦ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਚੀਨ ਤੋਂ ਮੰਗ ਘੱਟ ਹੋਣ ਕਾਰਨ ਜੁਲਾਈ 'ਚ ਮਹੀਨਾ-ਦਰ-ਮਹੀਨਾ ਆਧਾਰ 'ਤੇ ਸੂਤੀ ਧਾਗੇ ਦੀ ਬਰਾਮਦ 40 ਫੀਸਦੀ ਘੱਟ ਰਹੀ ਹੈ। ਇਸ ਵਿਚਕਾਰ ਸੰਯੁਕਤ ਰਾਸ਼ਟਰ ਦੇ ਖੇਤੀਬਾੜੀ ਵਿਭਾਗ ਨੇ ਫਸਲ ਮਾਰਕੀਟਿੰਗ ਸਾਲ 2019-20 ਦੌਰਾਨ ਭਾਰਤ 'ਚ ਰਿਕਾਰਡ 390 ਲੱਖ ਗੰਢ ਕਪਾਹ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਪਿਛਲੇ ਸੀਜ਼ਨ 2018-19 'ਚ 312 ਲੱਖ ਗੰਢ ਕਪਾਹ ਹੋਈ ਸੀ। ਹਾਲਾਂਕਿ, ਭਾਰਤੀ ਕਪਾਹ ਸੰਸਥਾਵਾਂ ਵੱਲੋਂ ਅਜੇ ਆਪਣਾ ਅੰਦਾਜ਼ਾ ਪ੍ਰਗਟ ਕਰਨਾ ਬਾਕੀ ਹੈ ਪਰ ਸਰਕਾਰ ਵੱਲੋਂ ਪਹਿਲੇ ਪੇਸ਼ ਕੀਤੇ ਗਏ ਅਨੁਮਾਨ ਮੁਤਾਬਕ 322.7 ਲੱਖ ਗੰਢ ਕਪਾਹ ਹੋਣ ਦਾ ਅਨੁਮਾਨ ਹੈ।