ALERT : ਮਿਡਲ ਕਲਾਸ ਲਈ ਲਾਕਡਾਊਨ ਖੁੱਲ੍ਹਣ 'ਤੇ ਮੁਸ਼ਕਲ ਹੋ ਸਕਦਾ ਹੈ ਹਵਾਈ ਸਫਰ

04/13/2020 3:28:27 PM

ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਜਾਰੀ ਹੈ। ਲਾਕਡਾਊਨ ਤੋਂ ਬਾਅਦ ਜਨਤਾ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਮਿਡਲ ਕਲਾਸ ਲਈ ਹਵਾਈ ਸਫਰ ਕਰਨਾ ਹੋਰ ਮੁਸ਼ਕਿਲ ਹੋ ਸਕਦਾ ਹੈ। ਇਸ ਦਾ ਕਾਰਨ ਹੈ ਕਿ ਹਵਾਈ ਕਿਰਾਇਆ ਤਿੰਨ ਗੁਣਾ ਵੱਧ ਸਕਦਾ ਹੈ ਕਿਉਂਕਿ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿਚ ਰੱਖਦੇ ਹੋਏ ਏਅਰਲਾਈਨਾਂ ਇਕ-ਤਿਹਾਈ ਬੁਕਿੰਗ ਨਾਲ ਹੀ ਉਡਾਣ ਭਰਨਗੀਆਂ, ਯਾਨੀ ਸੀਟਾਂ ਦੀ ਬੁਕਿੰਗ ਇਸ ਤਰ੍ਹਾਂ ਹੋਵੇਗੀ ਕਿ ਯਾਤਰੀ ਇਕ-ਦੂਜੇ ਦੇ ਨਜ਼ਦੀਕ ਨਹੀਂ ਬੈਠਣਗੇ।

ਇਸ ਤਰ੍ਹਾਂ ਦੀ ਵਿਵਸਥਾ ਹੋ ਸਕਦੀ ਹੈ, ਜਿਸ ਤਹਿਤ 180 ਸੀਟਾਂ ਵਾਲੇ ਜਹਾਜ਼ ਵਿਚ ਸਿਰਫ 60 ਯਾਤਰੀ ਸਫਰ ਕਰ ਸਕਣਗੇ। ਰਿਪੋਰਟਾਂ ਮੁਤਾਬਕ, ਇਸ ਨੁਕਸਾਨ ਦੀ ਭਰਪਾਈ ਏਅਰਲਾਈਨਾਂ ਵਲੋਂ ਡੇਢ ਤੋਂ ਤਿੰਨ ਗੁਣਾ ਤੱਕ ਜ਼ਿਆਦਾ ਕਿਰਾਇਆ ਵਸੂਲ ਕਰਕੇ ਕੀਤੀ ਜਾ ਸਕਦੀ ਹੈ। ਇਸ ਸਬੰਧ ਵਿਚ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸਮੇਂ ਦੇ ਨਾਲ ਜਿਵੇਂ-ਜਿਵੇਂ ਕੋਰੋਨਾ ਵਾਇਰਸ ਘਟੇਗਾ, ਉਸੇ ਤਰ੍ਹਾਂ ਹੀ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਵਿਚ ਢਿੱਲ ਦੇਣੀ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੰਪਨੀਆਂ ਦੀ ਵਿੱਤੀ ਹਾਲਤ ਖਰਾਬ ਚੱਲ ਰਹੀ ਹੈ। ਇੰਡੀਗੋ ਦੇ ਇਲਾਵਾ ਹੋਰ ਕਿਸੇ ਏਅਰਲਾਈਨਜ਼ ਕੋਲ ਜ਼ਿਆਦਾ ਕੈਸ਼ ਰਿਜ਼ਰਵ ਨਹੀਂ ਹੈ।
 


Sanjeev

Content Editor

Related News