ਕੋਰੋਨਾ ਵਾਇਰਸ ਕਰੇਗਾ ਹੋਲੀ ਦਾ ਰੰਗ ਫਿੱਕਾ, ਖਿਡੌਣੇ ਤੇ ਗੁਲਾਲ ਹੋ ਸਕਦੇ ਹਨ ਮਹਿੰਗੇ

03/03/2020 6:38:02 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਦਾ ਅਸਰ ਅੰਤਰਰਾਸ਼ਟਰੀ ਕਾਰੋਬਾਰ 'ਤੇ ਪੈ ਰਿਹਾ ਹੈ। ਹੁਣ ਇਸ ਦਾ ਅਸਰ ਹੋਲੀ 'ਤੇ ਵੀ ਦਿਖਾਈ ਦੇਵੇਗਾ। ਹੋਲੀ ਦੇ ਤਿਓਹਾਰ ਮੌਕੇ ਇਸਤੇਮਾਲ ਹੋਣ ਵਾਲੇ ਖਿਡੌਣੇ, ਪਿਚਕਾਰੀ, ਰੰਗ, ਗੁਲਾਲ ਅਤੇ ਵਾਟਰ ਗਨ ਦੀਆਂ ਕੀਮਤਾਂ ਵਿਚ 20 ਫੀਸਦੀ ਤੱਕ ਦਾ ਵਾਧਾ ਦੇਖਿਆ ਜਾ ਰਿਹਾ ਹੈ। ਦਰਅਸਲ ਹੋਲੀ ਦੇ ਮੌਕੇ ਵੱਡੀ ਗਿਣਤੀ 'ਚ ਚੀਨ ਤੋਂ ਖਿਡੌਣੇ ਭਾਰਤ 'ਚ ਸਪਲਾਈ ਹੁੰਦੇ ਹਨ, ਜਿਨ੍ਹਾਂ ਦਾ ਆਯਾਤ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋ ਸਕਦਾ ਹੈ। ਇਕ ਅਖਬਾਰ ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਹੋਲੀ ਨਾਲ ਸਬੰਧਿਤ 90 ਫੀਸਦੀ ਖਿਡੌਣੇ ਚੀਨ ਤੋਂ ਆਯਾਤ ਕੀਤੇ ਜਾਂਦੇ ਹਨ। ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਤੋਂ ਕਾਫੀ ਪਹਿਲਾਂ ਨਵੰਬਰ 'ਚ ਵੱਡੇ ਡਿਸਟ੍ਰੀਬਿਊਟਰਾਂ ਨੇ ਪਹਿਲਾਂ ਹੀ ਆਪਣਾ ਆਰਡਰ ਦੇ ਦਿੱਤਾ ਸੀ। ਅਜਿਹੇ 'ਚ ਛੋਟੇ ਕਾਰੋਬਾਰੀਆਂ ਦੀ ਵਿਕਰੀ 'ਤੇ ਇਸ ਦਾ ਅਸਰ ਪੈ ਸਕਦਾ ਹੈ।

ਆਰਗੈਨਿਕ ਰੰਗਾਂ ਦੀ ਮੰਗ 'ਚ ਵੀ ਕਰੀਬ 23 ਫੀਸਦੀ ਤੱਕ ਦੀ ਤੇਜ਼ੀ

ਦਸੰਬਰ ਤੋਂ ਹੀ ਛੋਟੇ ਪੱਧਰ ਦੇ ਕਾਰੋਬਾਰੀਆਂ ਵਲੋਂ ਪੋਰਟਲ 'ਤੇ ਹੋਲੀ ਦੇ ਸਮਾਨ ਦੀ ਪੁੱਛਗਿੱਛ 'ਚ 127 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਕਿਉਂਕਿ ਉਹ ਸਟਾਕ ਖਰੀਦਣਾ ਚਾਹੁੰਦੇ ਸਨ। ਆਰਗੈਨਿਕ ਰੰਗਾਂ ਦੀ ਮੰਗ ਵਿਚ ਵੀ ਕਰੀਬ 23 ਫੀਸਦੀ ਤੱਕ ਦੀ ਤੇਜ਼ੀ ਦੇਖੀ ਗਈ ਹੈ ਖਾਸਤੌਰ 'ਤੇ ਮੈਟਰੋ ਸ਼ੇਅਰਾਂ ਵਿਚ। ਕਈ ਕਾਰੋਬਾਰੀ ਚੀਨ ਤੋਂ ਆਯਾਤ ਹੋਣ ਵਾਲੇ ਆਪਣੇ ਮਾਲ ਦੇ ਜਾਰੀ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

ਘਰੇਲੂ ਖਿਡੌਣਾ ਬਾਜ਼ਾਰ ਕਰੀਬ 1.5 ਅਰਬ ਡਾਲਰ ਦਾ

ਗਲੋਬਲ ਬਾਜ਼ਾਰ ਦੀ ਖੋਜ ਕੰਪਨੀ IMARC ਮੁਤਾਬਕ ਘਰੇਲੂ ਖਿਡੌਣਾ ਬਾਜ਼ਾਰ ਕਰੀਬ 1.5 ਅਰਬ ਡਾਲਰ ਦਾ ਹੈ ਜਿਹੜਾ ਭਵਿੱਖ 'ਚ 2024 ਤੱਕ 3.3 ਅਰਬ ਡਾਲਰ ਦੇ ਪੱਧਰ 'ਤੇ ਪਹੁੰਚ ਸਕਦਾ ਹੈ। ਇਸ ਵਿਚ 2019-2-24 ਦੌਰਾਨ 13.3 ਫੀਸਦੀ ਦੀ ਸਾਲਾਨਾ ਚੱਕਰਵਾਧਾ ਦਰ ਨਾਲ ਗ੍ਰੋਥ ਦਾ ਅੰਦਾਜ਼ਾ ਹੈ। ਦੇਸ਼ ਵਿਚ ਵਿਕਣ ਵਾਲੇ ਕੁੱਲ ਖਿਡੌਣਿਆਂ 'ਚ ਮੁੱਖ ਤੌਰ 'ਤੇ ਕਰੀਬ 85 ਫੀਸਦੀ ਚੀਨ ਤੋਂ ਹੀ ਆਯਾਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸ੍ਰੀਲੰਕਾ, ਮਲੇਸ਼ੀਆ, ਜਰਮਨੀ ਅਤੇ ਹਾਂਗਕਾਂਗ ਤੋਂ ਖਿਡੌਣੇ ਆਯਾਤ ਕੀਤੇ ਜਾਂਦੇ ਹਨ।