ਕੋਰੋਨਾ ਵਾਇਰਸ ਕਾਰਨ ਭਾਰਤ ''ਚ 70% ਸਸਤਾ ਹੋਇਆ ਚਿਕਨ, ਵਿਕਰੀ ਹੋਈ ਅੱਧੀ

02/28/2020 6:52:10 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਲਗਾਤਾਰ ਵਧਦੀ ਜਾ ਰਹੀ ਮਹਾਂਮਾਰੀ ਕਾਰਨ ਦੇਸ਼ ਵਿਚ ਚਿਕਨ ਦੀ ਵਿਕਰੀ 'ਚ 50 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆ ਗਈ ਹੈ ਜਿਸ ਕਾਰਨ ਇਸ ਦੀ ਕੀਮਤ ਇਕ ਮਹੀਨੇ ਵਿਚ 70 ਫੀਸਦੀ ਤੋਂ ਜ਼ਿਆਦਾ ਡਿੱਗ ਗਈ ਹੈ। ਗੋਦਰੇਜ ਐਗਰੋਵੇਟ ਦੇ ਇਕ ਸਿਖਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਚਿਕਨ ਕਰਕੇ ਕੋਰੋਨਾ ਵਾਇਰਸ ਫੈਲ ਸਕਦਾ ਹੈ। ਇਸ ਕਾਰਨ ਬਾਜ਼ਾਰ ਵਿਚ ਮੁਰਗੀ-ਮਾਸ ਦੀ ਵਿਕਰੀ ਅਤੇ ਕੀਮਤ ਦੋਵਾਂ 'ਚ ਕਮੀ ਆ ਗਈ ਹੈ।

50 ਫੀਸਦੀ ਤੱਕ ਘਟੀ ਕੀਮਤ 

ਗੋਦਰੇਜ਼ ਐਗਰੋਵੇਟ ਦੇ ਪ੍ਰਬੰਧਕ ਨਿਰਦੇਸ਼ਕ ਬੀ.ਐਸ. ਯਾਦਵ ਨੇ ਕਿਹਾ ਕਿ ਉਸਦੀ ਪੋਲਟਰੀ ਸ਼ਾਖਾ-ਗੋਦਰੇਜ ਟਾਇਸਨ ਫੂਡਸ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਮਹੀਨੇ ਪਹਿਲਾਂ ਗੋਦਰੇਜ ਟਾਇਸਨ ਫੂਡਸ ਇਕ ਹਫਤੇ ਵਿਚ ਲਗਭਗ 6 ਲੱਖ ਟਨ ਚਿਕਨ ਵੇਚ ਦਿੰਦੀ ਸੀ, ਜਿਹੜਾ ਹੁਣ 40 ਫੀਸਦੀ ਤੱਕ ਘੱਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਜੇਕਰ ਅਗਲੇ 2-3 ਮਹੀਨਿਆਂ 'ਚ ਇਨ੍ਹਾਂ ਅਫਵਾਹਾਂ 'ਤੇ ਬ੍ਰੇਕ ਲੱਗਦੀ ਹੈ ਤਾਂ ਇਸ ਤੋਂ ਬਾਅਦ ਇਸ ਦੀ ਖਪਤ ਵਧ ਜਾਵੇਗੀ ਅਤੇ ਫਿਰ ਦੇਸ਼ ਵਿਚ ਚਿਕਨ ਦੀ ਕਮੀ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਅਫਵਾਹ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ

ਯਾਦਵ ਨੇ ਕਿਹਾ ਸਰਕਾਰ ਨਾਲ ਮਸ਼ਵਰਾ ਜਾਰੀ ਹੈ ਕਿ ਕੋਰੋਨਾ ਵਾਇਰਸ ਚਿਕਨ ਕਾਰਨ ਨਹੀਂ ਫੈਲਦਾ ਹੈ। ਸੂਬਾ ਸਰਕਾਰਾਂ ਨੂੰ ਵੀ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਯਾਦਵ ਨੇ ਕਿਹਾ, 'ਭਾਰਤ 'ਚ ਚਿਕਨ ਖਾਣਾ ਸੁਰੱਖਿਅਤ ਹੈ ਪਰ ਚਿਕਨ ਕਾਰਨ ਕੋਰੋਨਾ ਵਾਇਰਸ ਫੈਲਣ ਦੀਆਂ ਅਫਵਾਹਾਂ ਨੇ ਸਾਡੇ ਦੇਸ਼ ਵਿਚ ਸਿਰਫ ਇਕ ਮਹੀਨੇ ਵਿਚ 50 ਫੀਸਦੀ ਤੋਂ ਜ਼ਿਆਦਾ ਦੀ ਮੰਗ ਪ੍ਰਭਾਵਿਤ ਕੀਤੀ ਹੈ ਅਤੇ ਬਜ਼ਾਰ ਦੀਆਂ ਕੀਮਤਾਂ 'ਚ ਵੀ 70 ਫੀਸਦੀ ਤੱਕ ਦੀ ਗਿਰਾਵਟ ਆਈ ਹੈ।'

ਪਹਿਲਾਂ 7.5 ਕਰੋੜ ਚਿਕਨ ਦੀ  ਹਫਤੇ 'ਚ ਹੁੰਦੀ ਸੀ ਵਿਕਰੀ

ਯਾਦਵ ਨੇ ਕਿਹਾ ਕਿ ਦੇਸ਼ ਵਿਚ ਇਕ ਹਫਤੇ ਅੰਦਰ ਹੋਣ ਵਾਲੀ ਚਿਕਨ ਦੀ ਵਿਕਰੀ 7.5 ਕਰੋੜ ਦੇ ਮੁਕਾਬਲੇ ਘੱਟ ਕੇ 3.5 ਕਰੋੜ ਚਿਕਨ ਤੱਕ ਦੀ ਰਹਿ ਗਈ ਹੈ ਜਦੋਂਕਿ ਪਿਛਲੇ ਇਕ ਮਹੀਨੇ ਵਿਚ ਜਿਹੜੀ ਕੀਮਤ 100 ਰੁਪਏ ਕਿਲੋ ਸੀ ਉਹ ਹੁਣ ਬਜ਼ਾਰ ਵਿਚ ਘੱਟ ਕੇ 35 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ ਜਦੋਂਕਿ ਇਸ ਦੀ ਲਾਗਤ 75 ਰੁਪਏ ਕਿਲੋ ਬੈਠਦੀ ਹੈ। ਯਾਦਵ ਨੇ ਕਿਹਾ, 'ਮੁਰਗੀ ਤੋਂ ਕੋਰੋਨਾ ਵਾਇਰਸ ਫੈਲਣ ਦੀ ਵਾਟਸਐਪ 'ਤੇ ਅਫਵਾਹ ਦੇ ਕਾਰਨ ਪੂਰਾ ਪੋਲਟਰੀ ਉਦਯੋਗ ਅਤੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਚਿਕਨ ਦਾ ਉਤਪਾਦਨ ਵਧ ਗਿਆ ਹੈ ਜਿਸ ਨੂੰ ਘੱਟ ਕੀਮਤ 'ਤੇ ਬਜ਼ਾਰ ਵਿਚ ਵੇਚਿਆ ਜਾ ਰਿਹਾ ਹੈ।'