ਵਾਇਰਸ ਦਾ ਹੀਰਾ ਕਾਰੋਬਾਰ 'ਤੇ ਕਹਿਰ, 8000 ਕਰੋਡ਼ ਦਾ ਹੋ ਸਕਦਾ ਹੈ ਨੁਕਸਾਨ

02/06/2020 1:28:44 PM

ਸੂਰਤ— ਸੂਰਤ ਦੇ ਹੀਰਾ ਉਦਯੋਗ ਨੂੰ ਅਗਲੇ 2 ਮਹੀਨਿਆਂ ’ਚ ਕਰੀਬ 8000 ਕਰੋਡ਼ ਰੁਪਏ ਦੀ ਮਾਰ ਪੈ ਸਕਦੀ ਹੈ। ਇਸ ਦੀ ਵਜ੍ਹਾ ਚੀਨ ’ਚ ਫੈਲਿਆ ਜਾਨਲੇਵਾ ਕੋਰੋਨਾ ਵਾਇਰਸ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹਾਂਗਕਾਂਗ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਹਾਂਗਕਾਂਗ ਸੂਰਤ ਦੇ ਹੀਰਾ ਉਦਯੋਗ ਦੀ ਪ੍ਰਮੁੱਖ ਬਰਾਮਦ ਮੰਜ਼ਿਲ ਹੈ। ਸੂਰਤ ਦੇ ਹੀਰਾ ਉਦਯੋਗ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਹਾਂਗਕਾਂਗ ਸਾਡੇ ਲਈ ਪ੍ਰਮੁੱਖ ਵਪਾਰ ਕੇਂਦਰ ਹੈ ਪਰ ਉਥੇ ਸਕੂਲ ਅਤੇ ਕਾਲਜ ਮਾਰਚ ਦੇ ਪਹਿਲੇ ਹਫਤੇ ਤੱਕ ਲਈ ਬੰਦ ਕਰ ਦਿੱਤੇ ਗਏ ਹਨ। ਕੋਰੋਨਾ ਵਾਇਰਸ ਦੇ ਫੈਲਣ ਦੀ ਵਜ੍ਹਾ ਨਾਲ ਉਥੇ ਕਾਰੋਬਾਰੀ ਗਤੀਵਿਧੀਆਂ ਵੀ ਕਾਫੀ ਘੱਟ ਗਈਆਂ ਹਨ।


ਜੈੱਮਸ ਐਂਡ ਜਿਊਲਰੀ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ. ਸੀ.) ਦੇ ਖੇਤਰੀ ਚੇਅਰਮੈਨ ਦਿਨੇਸ਼ ਨਵਾਡਿਆ ਨੇ ਕਿਹਾ ਕਿ ਸੂਰਤ ਵੱਲੋਂ ਹਰ ਸਾਲ ਹਾਂਗਕਾਂਗ ਲਈ 50,000 ਕਰੋਡ਼ ਰੁਪਏ ਦੇ ਪਾਲਿਸ਼ ਹੀਰਿਆਂ ਦੀ ਬਰਾਮਦ ਕੀਤੀ ਜਾਂਦੀ ਹੈ। ਇਹ ਇਥੋਂ ਕੁਲ ਬਰਾਮਦ ਦਾ 37 ਫੀਸਦੀ ਹੈ ਪਰ ਹੁਣ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹਾਂਗਕਾਂਗ ਨੇ ਇਕ ਮਹੀਨੇ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਹਾਂਗਕਾਂਗ ’ਚ ਜਿਨ੍ਹਾਂ ਗੁਜਰਾਤੀ ਕਾਰੋਬਾਰੀਆਂ ਦੇ ਦਫਤਰ ਹਨ, ਉਹ ਵਾਪਸ ਪਰਤ ਰਹੇ ਹਨ। ਨਵਾਡਿਆ ਨੇ ਕਿਹਾ ਕਿ ਜੇਕਰ ਸਥਿਤੀ ਨਹੀਂ ਸੁਧਰਦੀ ਹੈ ਤਾਂ ਇਸ ਨਾਲ ਸੂਰਤ ਦਾ ਹੀਰਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਸੂਰਤ ਦਾ ਹੀਰਾ ਉਦਯੋਗ ਦੇਸ਼ ’ਚ ਦਰਾਮਦੀ 99 ਫੀਸਦੀ ਕੱਚੇ ਹੀਰਿਆਂ ਦੀ ਪਾਲਿਸ਼ ਕਰਦਾ ਹੈ।

ਕੌਮਾਂਤਰੀ ਜਿਊਲਰੀ ਪ੍ਰਦਰਸ਼ਨੀ ਹੋ ਸਕਦੀ ਹੈ ਰੱਦ
ਇਕ ਹੋਰ ਉਦਯੋਗ ਮਾਹਿਰ ਅਤੇ ਹੀਰਾ ਕਾਰੋਬਾਰੀ ਪ੍ਰਵੀਨ ਨਾਨਾਵਦੀ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਹਾਂਗਕਾਂਗ ’ਚ ਕੌਮਾਂਤਰੀ ਜਿਊਲਰੀ ਪ੍ਰਦਰਸ਼ਨੀ ਰੱਦ ਹੋ ਜਾਵੇ। ਅਜਿਹਾ ਹੁੰਦਾ ਹੈ ਤਾਂ ਸੂਰਤ ਦਾ ਜਿਊਲਰੀ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸੂਰਤ ’ਚ ਬਣੇ ਪਾਲਿਸ਼ ਹੀਰੇ ਅਤੇ ਗਹਿਣੇ ਹਾਂਗਕਾਂਗ ਰਾਹੀਂ ਦੁਨੀਆ ਭਰ ’ਚ ਭੇਜੇ ਜਾਂਦੇ ਹਨ ਪਰ ਹੁਣ ਉਥੇ ਛੁੱਟੀਆਂ ਦੀ ਵਜ੍ਹਾ ਨਾਲ ਸਾਡਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਥਿਤੀ ਨਹੀਂ ਸੁਧਰਦੀ ਹੈ ਤਾਂ ਸੂਰਤ ਦੇ ਹੀਰਾ ਉਦਯੋਗ ਨੂੰ ‘ਹਜ਼ਾਰਾਂ ਕਰੋਡ਼ ਰੁਪਏ’ ਦਾ ਨੁਕਸਾਨ ਹੋ ਸਕਦਾ ਹੈ।