ਹੁਣ ਕੁਕਿੰਗ ਤੇਲ ਕੀਮਤਾਂ ''ਚ ਉਛਾਲ, ਹੋਰ ਮਹਿੰਗਾ ਲੱਗੇਗਾ ਤੁੜਕਾ

12/21/2019 3:06:25 PM

ਨਵੀਂ ਦਿੱਲੀ— ਤੁਹਾਡੀ ਜੇਬ 'ਤੇ ਹੁਣ ਹੋਰ ਭਾਰੀ-ਭਰਕਮ ਬੋਝ ਪੈਣ ਜਾ ਰਿਹਾ ਹੈ। ਪਿਆਜ਼, ਲਸਣ ਪਿੱਛੋਂ ਹੁਣ ਮਹਿੰਗੀ ਦਰਾਮਦ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਵੀ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਇੰਡਸਰੀ ਮਾਹਰਾਂ ਮੁਤਾਬਕ, ਕੁਕਿੰਗ ਤੇਲ ਦੀਆਂ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ। ਪਿਛਲੇ ਦੋ ਮਹੀਨਿਆਂ 'ਚ ਪਾਮ ਤੇਲ 20 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਇਸ ਕਾਰਨ ਹੋਰ ਖੁਰਾਕੀ ਤੇਲਾਂ ਦੀਆਂ ਕੀਮਤਾਂ 'ਚ ਵੀ ਤੇਜ਼ ਵਾਧਾ ਹੋਇਆ ਹੈ।

ਤੇਲ ਬਾਜ਼ਾਰ ਦੇ ਮਾਹਰ ਸਲਿਲ ਜੈਨ ਨੇ ਕਿਹਾ, ''ਪਿਛਲੇ ਦੋ ਮਹੀਨਿਆਂ 'ਚ ਪਾਮ ਤੇਲ 'ਚ ਹੋਏ ਵਾਧੇ ਤੋਂ ਬਾਅਦ ਸਾਰੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਮਲੇਸ਼ੀਆ, ਇੰਡੋਨੇਸ਼ੀਆ ਤੋਂ ਮਹਿੰਗੀ ਦਰਾਮਦ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।''


ਭਾਰਤ ਖਾਣ ਵਾਲੇ ਤੇਲਾਂ ਦੀ ਦਰਾਮਦ 'ਚ ਵਿਸ਼ਵ ਦਾ ਸਭ ਤੋਂ ਮੋਹਰੀ ਦੇਸ਼ ਹੈ। ਭਾਰੀ ਬਾਰਸ਼ ਕਾਰਨ ਸੋਇਆਬੀਨ ਦੀ ਫਸਲ ਨੁਕਸਾਨੇ ਜਾਣ ਅਤੇ ਇਸ ਸਾਲ ਹਾੜ੍ਹੀ 'ਚ ਤੇਲ ਬੀਜਾਂ ਦੀ ਖੇਤੀ ਉਮੀਦਾਂ ਤੋਂ ਘੱਟ ਰਹਿਣ ਨਾਲ ਦਰਾਮਦ 'ਤੇ ਨਿਰਭਰਤਾ ਹੋਰ ਵਧਣ ਦੀ ਸੰਭਾਵਨਾ ਹੈ। ਇਸ ਵਿਚਕਾਰ ਅਰਜਨਟੀਨਾ ਨੇ ਸੋਇਆ ਤੇਲ 'ਤੇ ਬਰਾਮਦ ਡਿਊਟੀ 25 ਤੋਂ ਵਧਾ ਕੇ 30 ਫੀਸਦੀ ਕੀਤੀ ਹੈ। ਇਸ ਦਾ ਮਤਲਬ ਹੈ ਕਿ ਭਾਰਤ ਲਈ ਇੱਥੋਂ ਦਰਾਮਦ ਮਹਿੰਗੀ ਸਾਬਤ ਹੋਵੇਗੀ, ਜਿਸ ਕਾਰਨ ਕੁਕਿੰਗ ਤੇਲ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ।

ਉੱਥੇ ਹੀ, ਮਲੇਸ਼ੀਆ ਤੇ ਇੰਡੋਨੇਸ਼ੀਆ 'ਚ ਬਾਇਓ ਡੀਜ਼ਲ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ, ਜਿਸ ਨਾਲ ਪਾਮ ਤੇਲ ਦੀ ਸਪਲਾਈ 'ਚ ਕਮੀ ਹੋਵੇਗੀ। ਇਸ ਤੋਂ ਇਲਾਵਾ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਪਿਛਲੇ ਹਫਤੇ ਜਾਰੀ ਕੀਤੇ ਗਏ ਬਿਜਾਈ ਅੰਕੜਿਆਂ ਮੁਤਾਬਕ, ਇਸ ਸਾਲ ਤੇਲ ਬੀਜਾਂ ਦੀ ਫਸਲ ਦਾ ਰਕਬਾ 68.24 ਲੱਖ ਹੈਕਟੇਅਰ ਹੈ, ਜੋ ਪਿਛਲੇ ਸਾਲ ਨਾਲੋਂ 2.47 ਲੱਖ ਹੈਕਟੇਅਰ ਘੱਟ ਹੈ। ਭਾਰਤੀ ਸੋਇਆਬੀਨ ਪ੍ਰੋਸੈਸਰਜ਼ ਐਸੋਸੀਏਸ਼ਨ ਮੁਤਾਬਕ, ਇਸ ਸਾਲ ਦੇਸ਼ 'ਚ ਸੋਇਆਬੀਨ ਦਾ ਉਤਪਾਦਨ 89.94 ਲੱਖ ਟਨ ਰਹਿ ਸਕਦਾ ਹੈ, ਜੋ ਪਿਛਲੇ ਸਾਲ 109.33 ਲੱਖ ਟਨ ਸੀ।