''ਰੇਟ ਵਧਣ ਨਾਲ ਸੋਨੇ ਦੀ ਖਪਤਕਾਰ ਮੰਗ ''ਚ ਆਵੇਗੀ ਗਿਰਾਵਟ''

07/26/2020 2:19:34 AM

ਮੁੰਬਈ (ਭਾਸ਼ਾ)–ਗਹਿਣਾ ਉਦਯੋਗ ਦਾ ਮੰਨਣਾ ਹੈ ਕਿ ਅਰਥਵਿਵਸਥਾ 'ਚ ਸੁਸਤੀ ਦਰਮਿਆਨ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਪੀਲੀ ਧਾਤ ਦੀ ਖਪਤਕਾਰ ਮੰਗ ਘਟ ਸਕਦੀ ਹੈ। ਕੋਵਿਡ-19 ਮਹਾਮਾਰੀ ਕਾਰਣ ਪੈਦਾ ਹੋਈ ਅਨਿਸ਼ਚਿਤਤਾ ਕਾਰਣ ਭਾਰਤ ਅਤੇ ਕੌਮਾਂਤਰੀ ਸਰਾਫਾ ਬਾਜ਼ਾਰਾਂ 'ਚ ਸੋਨਾ ਨਿਤ ਉਚਾਈ 'ਤੇ ਪਹੁੰਚ ਰਿਹਾ ਹੈ। ਇਸ ਦਾ ਕਾਰਣ ਹੈ ਕਿ ਸੰਕਟ ਦੇ ਇਸ ਸਮੇਂ ਨਿਵੇਸ਼ ਦੇ ਸੁਰੱਖਿਅਤ ਬਦਲ ਦੇ ਰੂਪ 'ਚ ਸੋਨੇ ਦਾ ਆਕਰਸ਼ਣ ਵਧਿਆ ਹੈ। ਸ਼ੁੱਕਰਵਾਰ ਨੂੰ ਸੋਨਾ 52,600 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ।

ਅਖਿਲ ਭਾਰਤੀ ਰਤਨ ਅਤੇ ਗਹਿਣਾ ਘਰੇਲੂ ਪਰਿਸ਼ਦ (ਏ. ਆਈ. ਜੀ. ਜੇ. ਡੀ. ਸੀ.) ਦੇ ਚੇਅਰਮੈਨ ਅਨੰਤ ਪਦਮਨਾਭਨ ਨੇ ਕਿਹਾ ਕਿ ਮੰਗ ਪਹਿਲਾਂ ਤੋਂ ਸੁਸਤ ਹੈ। ਅਰਥਵਿਵਸਥਾ 'ਚ ਸੁਸਤੀ, ਰੋਜ਼ਗਾਰ ਨੂੰ ਲੈ ਕੇ ਅਨਿਸ਼ਚਿਤਤਾ, ਸਮਾਜਿਕ ਦੂਰੀ ਅਤੇ ਕੋਵਿਡ-19 ਕਾਰਣ ਲਾਗੂ ਲਾਕਡਾਊਨ ਕਾਰਣ ਆਮ ਦਿਨਾਂ ਦੇ ਮੁਕਾਬਲੇ ਸਿਰਫ 20 ਤੋਂ 25 ਫੀਸਦੀ ਕਾਰੋਬਾਰ ਹੋ ਰਿਹਾ ਹੈ। ਕੌਮਾਂਤਰੀ ਬੈਂਚਮਾਰਕ ਹਾਜ਼ਰ ਸੋਨੇ ਦਾ ਰੇਟ 1900 ਡਾਲਰ ਪ੍ਰਤੀ ਓਂਸ ਦੇ ਕਰੀਬ 9 ਸਾਲ ਦੇ ਉੱਚ ਪੱਧਰ 'ਤੇ ਚੱਲ ਰਿਹਾ ਹੈ।

ਪਦਮਨਾਭਨ ਨੇ ਕਿਹਾ ਕਿ ਲੋਕ ਵਿਆਹ-ਸ਼ਾਦੀ ਦੀ ਖਰੀਦਦਾਰੀ ਵੀ ਨਹੀਂ ਕਰ ਰਹੇ ਹਨ ਕਿਉਂਕਿ ਇਸ ਸਮੇਂ ਬਹੁਤੇ ਵਿਆਹ ਨਹੀਂ ਹੋ ਰਹੇ ਹਨ। ਲੋਕ ਵੱਡੇ ਆਯੋਜਨਾਂ ਤੋਂ ਬਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸਲ 'ਚ ਲੋਕ ਸੋਨੇ ਦੀਆਂ ਕੀਮਤਾਂ 'ਚ ਉਤਰਾਅ-ਚੜਾਅ ਥੰਮਣ ਦਾ ਇੰਤਜ਼ਾਰ ਕਰ ਰਹੇ ਹਨ। ਉਸ ਤੋਂ ਬਾਅਦ ਉਹ ਖਰੀਦਦਾਰੀ ਬਾਰੇ ਫੈਸਲਾ ਕਰਨਗੇ। ਵਿਸ਼ਵ ਸਵਰਣ ਪਰਿਸ਼ਦ (ਡਬਲਯੂ. ਜੀ. ਸੀ.) ਦੇ ਮੈਨੇਜਿੰਗ ਡਾਇਰੈਕਟਰ (ਭਾਰਤ) ਸੋਮਸੁੰਦਰਮ ਪੀ. ਆਰ. ਨੇ ਕਿਹਾ ਕਿ ਸੋਨੇ ਦੇ ਰੇਟ 50,000 ਰੁਪਏ ਤੋਂ ਉੱਪਰ ਜਾਣਾ ਇਕ ਅਹਿਮ ਘਟਨਾਕ੍ਰਾਮ ਹੈ। ਇਸ 'ਤੇ ਜੋ ਪ੍ਰਤੀਕਿਰਿਆ ਆ ਰਹੀ ਹੈ, ਉਹ ਸੁਭਾਵਿਕ ਹੈ ਯਾਨੀ ਨਿਵੇਸ਼ਕ ਖੁਸ਼, ਖਪਤਕਾਰ ਚਿੰਤਤ ਹਨ।

Karan Kumar

This news is Content Editor Karan Kumar