ਡਿਫੈਕਟਿਵ ਫੋਨ ਵੇਚਣ ਤੇ ਦੁਕਾਨਦਾਰ ਨੂੰ ਠੁਕਿਆ ਇੰਨਾ ਜੁਰਮਾਨਾ

02/09/2020 8:08:43 AM

ਦੁਰਗ—  ਮੈਨੂਫੈਕਚਰਿੰਗ ਡਿਫੈਕਟ ਵਾਲਾ ਮੋਬਾਇਲ ਵੇਚਣ ਅਤੇ ਡਿਫੈਕਟ ਦੂਰ ਨਾ ਕਰ ਸਕਣ ਲਈ ਦੁਕਾਨਦਾਰ, ਸਰਵਿਸ ਸੈਂਟਰ ਅਤੇ ਨਿਰਮਾਤਾ ਕੰਪਨੀ ’ਤੇ ਖਪਤਕਾਰ ਫੋਰਮ ਨੇ 30 ਹਜ਼ਾਰ ਰੁਪਏ ਹਰਜਾਨਾ ਲਾਇਆ ਹੈ।

 

ਕੀ ਹੈ ਮਾਮਲਾ
ਸੈਕਟਰ- 7 ਭਿਲਾਈ ਨਿਵਾਸੀ ਐੱਨ. ਰਾਮਾਰਾਵ ਨੇ ਦੁਕਾਨਦਾਰ ਸੈਮੀਕੰਡਕਟਰ ਵਰਲਡ ਸੁਪੇਲਾ ਭਿਲਾਈ ਵੱਲੋਂ ਸੋਨੀ ਐਕਸਪੀਰੀਆ ਐੱਮ 5 ਮੋਬਾਇਲ 18 ਜੁਲਾਈ 2016 ਨੂੰ 25500 ਰੁਪਏ ’ਚ ਖਰੀਦਿਆ ਸੀ। ਇਕ ਮਹੀਨੇ ਬਾਅਦ 23 ਅਗਸਤ 2016 ਨੂੰ ਮੋਬਾਇਲ ਦਾ ਕੈਮਰਾ ਖ਼ਰਾਬ ਹੋ ਗਿਆ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ 22 ਸਤੰਬਰ 2016 ਨੂੰ ਉਸੇ ਕੰਪਨੀ ਦਾ ਦੂਜਾ ਮੋਬਾਇਲ ਬਦਲ ਕੇ ਦਿੱਤਾ ਗਿਆ ਅਤੇ ਇਹ ਮੋਬਾਇਲ ਵੀ 26 ਸਤੰਬਰ 2016 ਨੂੰ ਖ਼ਰਾਬ ਹੋ ਗਿਆ, ਜਿਸ ਦੀ ਸ਼ਿਕਾਇਤ ਕਰਨ ’ਤੇ ਸਰਵਿਸ ਸੈਂਟਰ ਵਿਕਾਸ ਐਂਟਰਪ੍ਰਾਈਜ਼ਿਜ਼ ਨੇ ਰਿਪੇਅਰਿੰਗ ਲਈ ਮੋਬਾਇਲ ਰੱਖ ਲਿਆ ਅਤੇ 4 ਨਵੰਬਰ 2016 ਨੂੰ ਬਦਲ ਕੇ ਫਿਰ ਇਕ ਮੋਬਾਇਲ ਸ਼ਿਕਾਇਤਕਰਤਾ ਨੂੰ ਦਿੱਤਾ। ਇਹ ਮੋਬਾਇਲ ਵੀ ਵਰਤੋਂ ਕਰਦੇ ਸਮੇਂ ਗਰਮ ਹੋ ਕੇ ਬੰਦ ਹੋ ਜਾਂਦਾ ਸੀ, ਜਿਸ ਦੀ ਸ਼ਿਕਾਇਤ ਕਰਨ ’ਤੇ ਸਰਵਿਸ ਸੈਂਟਰ ਨੇ ਮੋਬਾਇਲ ਜਮ੍ਹਾ ਕਰ ਲਿਆ ਅਤੇ ਕੋਈ ਹੱਲ ਨਹੀਂ ਕੀਤਾ। ਪ੍ਰੇਸ਼ਾਨ ਹੋ ਕੇ ਐੱਨ. ਰਾਮਾਰਾਵ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।

ਮਾਮਲੇ ’ਚ ਦੁਕਾਨਦਾਰ ਸੈਮੀਕੰਡਕਟਰ ਵਰਲਡ ਨੇ ਕੋਈ ਜਵਾਬ ਪੇਸ਼ ਨਹੀਂ ਕੀਤਾ ਪਰ ਸਰਵਿਸ ਸੈਂਟਰ ਵਿਕਾਸ ਐਂਟਰਪ੍ਰਾਈਜ਼ਿਜ਼ ਅਤੇ ਨਿਰਮਾਤਾ ਕੰਪਨੀ ਸੋਨੀ ਇੰਡੀਆ ਨੇ ਮਾਮਲੇ ’ਚ ਮੌਜੂਦ ਹੋ ਕੇ ਇਹ ਬਚਾਅ ਪੱਖ ਰੱਖਿਆ ਕਿ ਸ਼ਿਕਾਇਤਕਰਤਾ ਵੱਲੋਂ ਜਦੋਂ ਵੀ ਸ਼ਿਕਾਇਤ ਕੀਤੀ ਗਈ, ਉਦੋਂ ਸਰਵਿਸ ਸੈਂਟਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਦੀ ਸਮੱਸਿਆ ਦਾ ਹੱਲ ਮੁਫਤ ਕੀਤਾ ਗਿਆ। ਸਰਵਿਸ ਸੈਂਟਰ ਤੇ ਕੰਪਨੀ ਨਵਾਂ ਹੈਂਡਸੈੱਟ ਫੁਲ ਵਾਰੰਟੀ ਦੇ ਨਾਲ ਦੇਣ ਨੂੰ ਤਿਆਰ ਹਨ।

ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਲਵਕੇਸ਼ ਪ੍ਰਤਾਪ ਸਿੰਘ ਬਘੇਲ, ਮੈਂਬਰ ਰਾਜੇਂਦਰ ਪਾਧਿਏ ਅਤੇ ਲਤਾ ਚੰਦਰਾਕਰ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੋਬਾਇਲ ਦੀ ਕੀਮਤ ਰੁ. 24225, ਮਾਨਸਿਕ ਪ੍ਰੇਸ਼ਾਨੀ ਦੀ ਇਵਜ ’ਚ 5000 ਰੁਪਏ ਅਤੇ ਅਦਾਲਤੀ ਖ਼ਰਚੇ ਵਜੋਂ 1000 ਰੁਪਏ ਕੁਲ ਮਿਲਾ ਕੇ ਰਾਸ਼ੀ 30225 ਰੁਪਏ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੱਖਾਂ ’ਤੇ ਹਰਜਾਨਾ ਲਾਉਂਦਿਆਂ ਇਕ ਮਹੀਨੇ ਦੇ ਅੰਦਰ 6 ਫ਼ੀਸਦੀ ਸਾਲਾਨਾ ਵਿਆਜ ਸਮੇਤ ਸ਼ਿਕਾਇਤਕਰਤਾ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ।