RD ਪੂਰੀ ਹੋਣ 'ਤੇ ਨਹੀਂ ਦਿੱਤੀ ਰਕਮ, ਸਹਾਰਾ ਨੂੰ 2.50 ਲੱਖ ਜੁਰਮਾਨਾ

09/22/2019 8:05:04 AM

ਕੁਰੂਕਸ਼ੇਤਰ, (ਵਿਨੋਦ)— ਸਕੀਮ ਦੀ ਮਟਿਓਰਿਟੀ ਮਿਆਦ ਤੋਂ ਬਾਅਦ ਖਪਤਕਾਰ ਨੂੰ ਪੂਰੀ ਰਾਸ਼ੀ ਦੇਣ ਤੋਂ ਇਨਕਾਰ ਕਰਨਾ ਸਹਾਰਾ ਇੰਡੀਆ ਪਰਿਵਾਰ ਨੂੰ ਮਹਿੰਗਾ ਪੈ ਗਿਆ। ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਨੇ ਕੰਪਨੀ ਤੇ ਉਸ ਦੇ ਏਜੰਟ ਨੂੰ 2.50 ਲੱਖ ਰੁਪਏ ਸ਼ਿਕਾਇਤਕਰਤਾ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ।

 

ਕੀ ਹੈ ਮਾਮਲਾ
ਸਚਿਨ ਲਲਿਤ ਪੁੱਤਰ ਅਸ਼ੋਕ ਕੁਮਾਰ ਵਾਸੀ ਸੌਦਾਗਰਨ ਮੁਹੱਲਾ ਥਾਣੇਸਰ ਨੇ ਏਜੰਟ ਨਰੇਸ਼ ਕੁਮਾਰ ਦੇ ਮਾਧਿਅਮ ਨਾਲ 11 ਫਰਵਰੀ 2013 ਨੂੰ ਸਹਾਰਾ ਇੰਡੀਆ ਪਰਿਵਾਰ ਦੀ ਮੇਨ ਰੋਡ ਸਥਿਤ ਸਥਾਨਕ ਬਰਾਂਚ ’ਚ ਆਰ. ਡੀ. ਖਾਤਾ ਖੋਲ੍ਹਿਆ ਸੀ, ਜਿਸ ਦੇ ਲਈ ਖਪਤਕਾਰ ਨੂੰ ਹਰ ਮਹੀਨੇ 3000 ਰੁਪਏ 5 ਸਾਲ ਤੱਕ ਜਮ੍ਹਾ ਕਰਵਾਉਣੇ ਸਨ। ਬਰਾਂਚ ਮੈਨੇਜਰ ਅਤੇ ਏਜੰਟ ਨਰੇਸ਼ ਕੁਮਾਰ ਨੇ ਭਰੋਸਾ ਦਿੱਤਾ ਸੀ ਕਿ ਇਸ ਸਕੀਮ ’ਚ 5 ਸਾਲ ਬਾਅਦ ਖਪਤਕਾਰ ਨੂੰ 2.30 ਲੱਖ ਰੁਪਏ ਦਿੱਤੇ ਜਾਣ ਦੀ ਯੋਜਨਾ ਹੈ। ਉਸ ਨੇ ਲਗਾਤਾਰ 5 ਸਾਲ ਤੱਕ ਸਹਾਰਾ ਇੰਡੀਆ ਪਰਿਵਾਰ ਦੇ ਆਰ. ਡੀ. ਖਾਤੇ ’ਚ 1.80 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਸਨ, ਜਿਸ ਦੀ ਸਾਰੀ ਐਂਟਰੀ ਪਾਸਬੁੱਕ ’ਚ ਦਰਜ ਸੀ। ਮਚਿਓਰਿਟੀ ਮਿਆਦ ਤੋਂ ਬਾਦ ਜਦੋਂ ਉਸਨੇ ਕੰਪਨੀ ਨੂੰ ਸਕੀਮ ਤਹਿਤ 2.30 ਲੱਖ ਰੁਪਏ ਜਾਰੀ ਕਰਨ ਲਈ ਕਿਹਾ ਤਾਂ ਕੰਪਨੀ ਵਾਲੇ ਟਾਲਮਟੋਲ ਕਰਦੇ ਰਹੇ। ਇਸ ਦੌਰਾਨ ਖਪਤਕਾਰ ਨੇ ਕਈ ਵਾਰ ਕੰਪਨੀ ਅਧਿਕਾਰੀਆਂ ਅਤੇ ਏਜੰਟ ਨਰੇਸ਼ ਕੁਮਾਰ ਨੂੰ ਵੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਅਖੀਰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਲਾਂਕਿ ਕੰਪਨੀ ਨੂੰ 19 ਮਈ 2018 ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਸੀ। ਪ੍ਰੇਸ਼ਾਨ ਹੋ ਕੇ ਸ਼ਿਕਾਇਤਕਰਤਾ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।

ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਦੀ ਪ੍ਰਧਾਨ ਨੀਲਮ ਕਸ਼ਯਪ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਕਮ ਦਿੱਤਾ ਕਿ ਕੰਪਨੀ ਅਤੇ ਏਜੰਟ 45 ਦਿਨਾਂ ਦੇ ਅੰਦਰ ਖਪਤਕਾਰ ਨੂੰ 2.30 ਲੱਖ ਰੁਪਏ, ਮਾਨਸਿਕ ਪ੍ਰੇਸ਼ਾਨੀ ਦੀ ਇਵਜ ’ਚ 10,000 ਅਤੇ ਅਦਾਲਤੀ ਖਰਚੇ ਵਜੋਂ 10,000 ਰੁਪਏ ਖਪਤਕਾਰ ਨੂੰ ਅਦਾ ਕਰਨ।