ਭਾਰਤੀ ਚੌਲਾਂ ਦੇ ਭਰੋਸੇ ਡ੍ਰੈਗਨ, ਚੀਨ ਨੇ 30 ਸਾਲ ’ਚ ਪਹਿਲੀ ਵਾਰ ਭਾਰਤੀ ਚੌਲ ਖਰੀਦੇ

12/03/2020 8:57:54 AM

ਮੁੰਬਈ (ਏਜੰਸੀਆਂ) – ਚੀਨ (ਡ੍ਰੈਗਨ) ਨੇ ਭਾਰਤੀ ਚੌਲਾਂ ਦੀ ਦਰਾਮਦ ਦੀ ਸ਼ੁਰੂਆਤ ਕਰ ਦਿੱਤੀ ਹੈ। ਪਿਛਲੇ 30 ਸਾਲਾਂ ’ਚ ਪਹਿਲੀ ਵਾਰ ਉਸ ਨੇ ਭਾਰਤੀ ਚੌਲ ਖਰੀਦੇ ਹਨ। ਅਜਿਹਾ ਇਸ ਲਈ ਕਿਉਂਕਿ ਚੀਨ ’ਚ ਚੌਲਾਂ ਦੀ ਸਪਲਾਈ ਘੱਟ ਹੋ ਗਈ ਹੈ। ਨਾਲ ਹੀ ਭਾਰਤ ਤੋਂ ਜੋ ਚੌਲ ਚੀਨ ਖਰੀਦ ਰਿਹਾ ਹੈ, ਉਸ ’ਤੇ ਭਾਰੀ ਡਿਸਕਾਊਂਟ ਵੀ ਮਿਲ ਰਿਹਾ ਹੈ।

ਭਾਰਤੀ ਉਦਯੋਗ ਜਗਤ ਦੇ ਅਧਿਕਾਰੀਆਂ ਮੁਤਾਬਕ ਵਿਸ਼ਵ ’ਚ ਭਾਰਤ ਚੌਲਾਂ ਦਾ ਸਭ ਤੋਂ ਵੱਡਾ ਬਰਾਮਦ ਦੇਸ਼ ਹੈ, ਜਦੋਂ ਕਿ ਚੀਨ ਸਭ ਤੋਂ ਵੱਡਾ ਦਰਾਮਦ ਦੇਸ਼ ਹੈ। ਚੀਨ ਸਾਲਾਨਾ ਲਗਭਗ 40 ਲੱਖ ਟਨ ਚੌਲਾਂ ਦੀ ਦਰਾਮਦ ਕਰਦਾ ਹੈ। ਹਾਲਾਂਕਿ ਉਹ ਪਿਛਲੇ ਕੁਝ ਸਾਲਾਂ ਤੋਂ ਭਾਰਤ ਤੋਂ ਚੌਲ ਖਰੀਦਣ ਤੋਂ ਪਰਹੇਜ਼ ਕਰਦਾ ਰਿਹਾ ਹੈ ਕਿਉਂਕਿ ਉਹ ਲਗਾਤਾਰ ਭਾਰਤੀ ਚੌਲਾਂ ਦੀ ਕੁਆਲਿਟੀ ਨੂੰ ਲੈ ਕੇ ਸਵਾਲ ਉਠਾਉਂਦਾ ਰਿਹਾ ਹੈ।

ਚੀਨ ਵਲੋਂ ਭਾਰਤ ਤੋਂ ਚੌਲ ਦਰਾਮਦ ਕਰਨ ’ਤੇ ਹੈਰਾਨੀ ਇਸ ਕਰ ਕੇ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਮੌਜੂਦਾ ਸਮੇਂ ’ਚ ਭਾਰਤ ਅਤੇ ਚੀਨ ਦਰਮਿਆਨ ਸਭ ਕੁਝ ਸਹੀ ਨਹੀਂ ਹੈ। ਦੋਹਾਂ ਦੇਸ਼ਾਂ ਦਰਮਿਆਨ ਸਰਹੱਦੀ ਯੁੱਧ ਤੋਂ ਬਾਅਦ ਸਿਆਸੀ ਤਨਾਅ ਤਾਂ ਹੈ ਹੀ, ਨਾਲ ਹੀ ਭਾਰਤ ਲਗਾਤਾਰ ਚੀਨੀ ਐਪਸ ’ਤੇ ਵੀ ਪਾਬੰਦੀ ਲਗਾ ਰਿਹਾ ਹੈ।

ਪਿਛਲੇ ਹਫਤੇ ਹੀ ਭਾਰਤ ਨੇ 43 ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਤੱਕ 200 ਤੋਂ ਜ਼ਿਆਦਾ ਐਪਸ ’ਤੇ ਪਾਬੰਦੀ ਲਗਾਈ ਗਈ ਹੈ।

ਕੁਆਲਿਟੀ ਦੇਖਣ ਤੋਂ ਬਾਅਦ ਹੋਰ ਦਰਾਮਦ ਕਰ ਸਕਦੈ ਚੀਨ

ਰਾਈਸ ਐਕਸਪੋਰਟਰਸ ਐਸੋਸੀਏਸ਼ਨ ਦੇ ਪ੍ਰਧਾਨ ਬੀ. ਵੀ. ਕ੍ਰਿਸ਼ਨਾ ਰਾਵ ਨੇ ਕਿਹਾ ਕਿ ਪਹਿਲੀ ਵਾਰ ਚੀਨ ਨੇ ਭਾਰਤ ਤੋਂ ਚੌਲ ਖਰੀਦਣੇ ਸ਼ੁਰੂ ਕੀਤੇ ਹਨ। ਭਾਰਤੀ ਫਸਲ ਦੀ ਕੁਆਲਿਟੀ ਦੇਖਣ ਤੋਂ ਬਾਅਦ ਚੀਨ ਹੋਰ ਚੌਲਾਂ ਦੀ ਦਰਾਮਦ ਭਾਰਤ ਤੋਂ ਕਰ ਸਕਦਾ ਹੈ।

ਭਾਰਤੀ ਕਾਰੋਬਾਰੀਆਂ ਨੇ ਕਿਹਾ ਕਿ ਦਸੰਬਰ ਤੋਂ ਫਰਵਰੀ ਦੌਰਾਨ ਇਕ ਲੱਖ ਟਨ ਟੁਕੜੇ ਚੌਲਾਂ ਦੀ ਬਰਾਮਦ ਕਰਨ ਦਾ ਐਗਰੀਮੈਂਟ ਕੀਤਾ ਗਿਆ ਹੈ। ਇਹ ਐਗਰੀਮੈਂਟ 300 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਕੀਤਾ ਗਿਆ ਹੈ।

ਚੀਨ ਦੇ ਸਪਲਾਇਰਸ ਕੋਲ ਚੌਲਾਂ ਦਾ ਸਰਪਲੱਸ ਘੱਟ

ਚੀਨ ਦੇ ਪਰੰਪਰਾਗਤ ਸਪਲਾਇਰਸ ਜਿਵੇਂ ਥਾਈਲੈਂਡ, ਵੀਅਤਨਾਮ, ਮੀਂਆਮਾਰ ਅਤੇ ਪਾਕਿਸਤਾਨ ਦੇ ਕੋਲ ਚੌਲਾਂ ਦੀ ਬਰਾਮਦ ਕਰਨ ਲਈ ਸੀਮਤ ਸਰਪਲੱਸ ਹੈ। ਇਹੀ ਕਾਰਣ ਹੈ ਕਿ ਹੁਣ ਚੀਨ ਨੂੰ ਭਾਰਤ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਉਪਰੋਕਤ ਚਾਰੇ ਦੇਸ਼ 30 ਡਾਲਰ ਪ੍ਰਤੀ ਟਨ ਦੀ ਦਰ ਨਾਲ ਚੌਲਾਂ ਦੀ ਬਰਾਮਦ ਕਰ ਰਹੇ ਹਨ। ਭਾਰਤ ਦੀ ਤੁਲਨਾ ’ਚ ਇਹ ਲਗਭਗ 10 ਗੁਣਾ ਸਸਤਾ ਹੈ।

ਭਾਰਤ ਦੀ ਕੁਆਲਿਟੀ ਚੰਗੀ

ਹਾਲਾਂਕਿ ਭਾਰਤ ਦੀ ਕੁਆਲਿਟੀ ਦੀ ਤੁਲਨਾ ’ਚ ਉਨ੍ਹਾਂ ਚਾਰੇ ਦੇਸ਼ਾਂ ਦੇ ਚੌਲਾਂ ਦੀ ਕੁਆਲਿਟੀ ਬਹੁਤ ਖਰਾਬ ਰਹਿੰਦੀ ਹੈ। ਯਾਨੀ ਭਾਰਤ ਦੀ ਕੁਆਲਿਟੀ ਚੰਗੀ ਹੈ। ਇਹੀ ਕਾਰਣ ਹੈ ਕਿ ਚੀਨ ਭਾਰਤ ਨੂੰ 10 ਗੁਣਾ ਕੀਮਤ ਦੇਣ ਨੂੰ ਤਿਆਰ ਹੈ। ਜੇ ਚੀਨ ਲਗਾਤਾਰ ਦਰਾਮਦ ਕਰਦਾ ਹੈ ਤਾਂ ਇਸ ਨਾਲ ਭਾਰਤੀ ਚੌਲਾਂ ਦੀ ਮੰਗ ਹੋਰ ਜ਼ਿਆਦਾ ਵਧ ਸਕਦੀ ਹੈ।

Harinder Kaur

This news is Content Editor Harinder Kaur