ਕੰਪਨੀਆਂ ਦੇ ਫਰਾਡ ਦੇ ਮਾਮਲੇ ਤਿਗੁੱਣੇ ਹੋਏ : SBI

11/30/2019 12:07:17 PM

ਨਵੀਂ ਦਿੱਲੀ  — ਇਸ ਸਾਲ ਦੇ ਪਹਿਲੇ 7 ਮਹੀਨਿਆਂ ’ਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਵੱਲੋਂ ਧੋਖਾਦੇਹੀ ਦੀਆਂ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ 3 ਗੁਣਾ ਵਧੀਆਂ ਹਨ। ਐੱਸ. ਬੀ. ਆਈ. ਕਾਰਡ ਦੇ ਆਈ. ਪੀ. ਓ. ਲਈ ਦਰਜ ਕੀਤੇ ਗਏ ਦਸਤਾਵੇਜ਼ਾਂ ਤੋਂ ਇਹ ਜਾਣਕਾਰੀ ਮਿਲੀ ਹੈ। ਜੇਕਰ ਵੱਡੇ ਕਾਰਪੋਰੇਟ ਫਰਾਡ ਦੀ ਗੱਲ ਕਰੀਏ ਤਾਂ ਇਸ ਸਾਲ ਅਪ੍ਰੈਲ ਤੋਂ ਨਵੰਬਰ ਦੇ ਵਿਚਾਲੇ ਐੱਸ. ਬੀ. ਆਈ. ਨਾਲ 26757 ਕਰੋਡ਼ ਰੁਪਏ ਦੀ ਧੋਖਾਦੇਹੀ (ਫਰਾਡ) ਹੋਈ ਹੈ।

ਜੇਕਰ ਗੱਲ ਵਿੱਤੀ ਸਾਲ 2018-19 ਦੀਆਂ ਕਰੀਏ ਤਾਂ ਐੱਸ. ਬੀ. ਆਈ. ਨਾਲ 10,725 ਕਰੋਡ਼ ਰੁਪਏ ਦੀ ਧੋਖਾਦੇਹੀ ਹੋਈ ਸੀ। ਉਸ ਤੋਂ ਪਿਛਲੇ ਸਾਲ ਇਹ ਰਾਸ਼ੀ ਸਿਰਫ 146 ਕਰੋਡ਼ ਰੁਪਏ ਸੀ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਪਹਿਲੀ ਤਿਮਾਹੀ ’ਚ ਸਰਕਾਰੀ ਬੈਂਕਾਂ ਨਾਲ ਲਗਭਗ 31,800 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਧੋਖਾਦੇਹੀ ਹੋਈ ਹੈ। ਜਿਨ੍ਹਾਂ ਬੈਂਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ, ਉਨ੍ਹਾਂ ’ਚ ਭਾਰਤੀ ਸਟੇਟ ਬੈਂਕ ਅਤੇ ਇਲਾਹਾਬਾਦ ਬੈਂਕ ਪ੍ਰਮੁੱਖ ਹਨ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਇਸ ਗੱਲ ਦੀ ਜਾਣਕਾਰੀ ਰਾਜ ਸਭਾ ’ਚ ਦਿੱਤੀ ਸੀ।

ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਅੰਕੜਿਆਂ ’ਚ ਹੁਣ 100 ਕਰੋਡ਼ ਰੁਪਏ ਤੋਂ ਵੱਡੀ ਧੋਖਾਦੇਹੀ ਦਾ ਵੱਖਰਾ ਹਿਸਾਬ ਲਾਇਆ ਜਾਂਦਾ ਹੈ ਅਤੇ ਚਾਲੂ ਵਿੱਤੀ ਸਾਲ ’ਚ ਇਸ ਤਰ੍ਹਾਂ ਦੀ ਧੋਖਾਦੇਹੀ ਦੇ 48 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 25 ਅਤੇ ਉਸ ਤੋਂ ਪਿਛਲੇ ਸਾਲ ਸਿਰਫ 8 ਸੀ।

ਜਦੋਂ ਇਸ ਬਾਰੇ ’ਚ ਐੱਸ. ਬੀ. ਆਈ. ਤੋਂ ਜਾਣਕਾਰੀ ਮੰਗੀ ਗਈ ਤਾਂ ਬੈਂਕ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਭਾਰਤ ਦੇ ਬੈਂਕਿੰਗ ਰੈਗੂਲੇਟਰ ਰਿਜ਼ਰਵ ਬੈਂਕ ਨੇ ਕਰਜ਼ਾ ਵੰਡਣ ਵਾਲੇ ਸੰਸਥਾਨਾਂ ਨੂੰ ਫਰਾਡ ਦੀ ਤੁਰੰਤ ਸੂਚਨਾ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਐੱਨ. ਪੀ. ਏ. ’ਚ ਕੋਈ 50 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਮਾਮਲਾ ਆਉਂਦਾ ਹੈ ਤਾਂ ਉਸ ਦੀ ਜਾਂਚ ਫਰਾਡ ਦੇ ਐਂਗਲ ਨਾਲ ਕੀਤੀ ਜਾਣੀ ਚਾਹੀਦੀ ਹੈ।