ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ

04/30/2020 3:18:52 PM

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੋਵਿਡ-19 ਦੀ ਚਿੰਤਾ ਵਿਚਕਾਰ ਇੱਕ ਵੱਡੀ ਬਾਜ਼ੀ ਖੇਡੀ ਹੈ। ਯੋਗੀ ਸਰਕਾਰ ਨੇ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਨੂੰ ਕਿਹਾ ਹੈ ਕਿ ਜੇਕਰ ਉਹ ਚੀਨ ਵਿਚੋਂ ਨਿਕਲ ਕੇ  ਆਪਣੀਆਂ ਫੈਕਟਰੀਆਂ ਜਾਂ ਠਿਕਾਣਿਆਂ ਨੂੰ ਉੱਤਰ ਪ੍ਰਦੇਸ਼ ਵਿਚ ਸ਼ਿਫਟ ਕਰ ਲੈਂਦੇ ਹਨ, ਤਾਂ ਉਨ੍ਹਾਂ ਨੂੰ ਮਨਮੁਤਾਬਕ ਸਹੂਲਤ ਦਿੱਤੀਆਂ ਜਾਣਗੀਆਂ। ਇਨ੍ਹਾਂ ਕੰਪਨੀਆਂ ਵਿੱਚ ਫੇਡੈਕਸ, ਯੂਪੀਐਸ, ਸਿਸਕੋ, ਅਡੋਬ, ਲਾਕਹੀਡ ਮਾਰਟਿਨ, ਹਨੀਵੈਲ, ਬੋਸਟਨ ਸਾਇੰਟਿਫਿਕ ਆਦਿ ਸ਼ਾਮਲ ਹਨ। 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣੇ ਜਿਹੇ ਸੂਬਿਆਂ ਨੂੰ ਕਿਹਾ ਸੀ ਕਿ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਕੋਵਿਡ-19 ਤੋਂ ਬਾਅਦ ਚੀਨ ਤੋਂ ਬਾਹਰ ਨਿਕਲ ਕੇ ਭਾਰਤ ਵਿਚ ਆਉਣਾ ਚਾਹੁੰਦੀਆਂ ਹਨ। ਅਜਿਹੀ ਸਥਿਤੀ ਵਿਚ ਸੂਬਿਆਂ ਨੂੰ ਨਵੇਂ ਮੌਕਿਆਂ ਲਈ ਤਿਆਰ ਰਹਿਣਾ ਹੋਵੇਗਾ। ਮੋਦੀ ਨੇ ਅਜਿਹੀਆਂ ਗਲੋਬਲ ਕੰਪਨੀਆਂ ਨੂੰ ਆਕਰਸ਼ਤ ਕਰਨ ਲਈ ਅਜਿਹਾ ਕਿਹਾ ਸੀ ਜਿਹੜੀਆਂ ਕਿ ਚੀਨ ਤੋਂ ਬਾਹਰ ਆਉਣਾ ਚਾਹੁੰਦੀਆਂ ਹਨ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਅਨੁਸਾਰ ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਅਮਰੀਕਾ ਦੇ 100 ਨਿਵੇਸ਼ਕਾਂ ਅਤੇ ਕੰਪਨੀਆਂ ਨਾਲ ਇੱਕ ਵੀਡੀਓ ਕਾਨਫਰੰਸ ਵੀ ਕੀਤੀ।

ਇਹ ਵੀ ਪੜ੍ਹੋ: 4,500 ਉਦਯੋਗਿਕ ਇਕਾਈਆਂ ਵਿਚ ਕੰਮ ਹੋਇਆ ਸ਼ੁਰੂ, 90 ਹਜ਼ਾਰ ਕਰਮਚਾਰੀ ਕੰਮ 'ਤੇ ਵਾਪਸ ਪਰਤੇ

ਕੰਪਨੀਆਂ ਦੀਆਂ ਜ਼ਰੂਰਤਾਂ ਮੁਤਾਬਕ ਕੀਤੇ ਜਾਣਗੇ ਪ੍ਰਬੰਧ 

ਸੂਬਾ ਸਰਕਾਰ ਵਿਚ ਛੋਟੇ ਅਤੇ ਦਰਮਿਆਨੇ ਉਦਯੋਗਾਂ, ਨਿਵੇਸ਼ ਅਤੇ ਨਿਰਯਾਤ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ ਜੁੜੇ ਬਹੁਤ ਸਾਰੇ ਪ੍ਰਸ਼ਨ ਮਿਲੇ ਹਨ ਕਿ ਸੂਬਾ ਸਰਕਾਰ ਕੰਪਨੀਆਂ ਨੂੰ ਚੀਨ ਤੋਂ ਸ਼ਿਫਟ ਹੋਣ ਵੇਲੇ ਕਿਹੜੀਆਂ ਸਹੂਲਤਾਂ ਦੇਵੇਗੀ। ਉਨ੍ਹਾਂ ਕੰਪਨੀਆਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਪ੍ਰਬੰਧ ਕੀਤੇ ਜਾ ਸਕਦੇ ਹਨ।

ਉਦਾਹਰਣ ਵਜੋਂ, ਫੇਡੈਕਸ ਅਤੇ ਯੂ.ਪੀ.ਐਸ. ਨੂੰ ਦੱਸਿਆ ਗਿਆ ਕਿ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰਸਤਾਵਿਤ ਜੇਵਰ ਅੰਤਰ-ਰਾਸ਼ਟਰੀ ਹਵਾਈ ਅੱਡੇ ਦੀ ਵਰਤੋਂ ਕਰ ਸਕਦੇ ਹਨ। ਸਿਧਾਰਥ ਨਾਥ ਸਿੰਘ ਨੇ ਇਹ ਵੀ ਕਿਹਾ ਕਿ ਬੋਸਟਨ ਸਾਇੰਟਿਫਿਕ ਨੇ ਸੂਬੇ ਵਲੋਂ ਦਿੱਤੀਆਂ ਜਾ ਸਕਣ ਵਾਲੀਆਂ ਸਹੂਲਤਾਂ ਬਾਰੇ ਪੁੱਛਿਆ, ਜਿਸਦੇ ਜਵਾਬ ਵਿਚ ਉਸ ਨੂੰ ਕਿਹਾ ਗਿਆ ਸੂਬੇ ਦੀਆਂ ਜ਼ਰੂਰਤਾਂ ਮੁਤਾਬਕ ਬਦਲਾਵਾਂ ਤੇ ਚਰਚਾ ਕਰਨ ਲਈ ਤਿਆਰ ਹਨ। 

ਇੱਕ ਮੈਡੀਕਲ ਉਪਕਰਣ ਨਿਰਮਾਤਾ, ਨੇ ਸੂਬੇ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਪੁੱਛਿਆ, ਜਿਸ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਸੂਬਾ ਆਪਣੀ ਜ਼ਰੂਰਤ ਅਨੁਸਾਰ ਤਬਦੀਲੀਆਂ ਬਾਰੇ ਵਿਚਾਰ ਕਰਨ ਲਈ ਤਿਆਰ ਹੈ। ਇਸ ਤੋਂ ਇਲਾਵਾ ਮੰਤਰੀ ਨੇ ਇਹ ਸੁਝਾਅ ਵੀ ਦਿੱਤਾ ਕਿ ਲਖਨਊ ਕੰਪਨੀ ਲਈ ਇਕ ਵਧੀਆ ਲੋਕੇਸ਼ਨ ਹੋ ਸਕਦੀ ਹੈ। ਇਸੇ ਤਰ੍ਹਾਂ ਡਿਫੈਂਸ ਫਰਮ ਜਿਵੇਂ ਲੋਕਹੀਡ ਮਾਰਟਿਨ ਨੂੰ ਦੱਸਿਆ ਗਿਆ ਸੀ ਕਿ ਉਹ ਉੱਤਰ ਪ੍ਰਦੇਸ਼ ਦੇ ਡਿਫੈਂਸ ਕੋਰੀਡੋਰ ਦੀ ਵਰਤੋਂ ਕਰ ਸਕਦੇ ਹਨ।


ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ : ਵਿਸ਼ਵ ਭਰ 'ਚ ਜੂਨ ਤੱਕ ਖਤਮ ਹੋ ਸਕਦੀਆਂ ਹਨ 30 ਕਰੋੜ ਤੋਂ ਵੱਧ ਨੌਕਰੀਆਂ

ਕੰਪਨੀਆਂ ਲੰਬੇ ਸਮੇਂ ਤੋਂ ਚੀਨ ਤੋਂ ਬਾਹਰ ਨਿਕਲਣ ਬਾਰੇ ਕਰ ਰਹੀਆਂ ਵਿਚਾਰ 

ਕੋਰੋਨਾ ਵਾਇਰਸ ਨੇ ਚੀਨ ਲਈ ਸਥਿਤੀ ਹੋਰ ਬਦਤਰ ਕਰ ਦਿੱਤੀ ਹੈ। ਦੂਜੇ ਪਾਸੇ ਗਲੋਬਲ ਕੰਪਨੀਆਂ ਪਹਿਲਾਂ ਹੀ ਅਮਰੀਕਾ-ਚੀਨ ਵਪਾਰ ਯੁੱਧ ਕਾਰਨ ਆਪਣੇ ਬੇਸ ਤੋਂ ਬਾਹਰ ਜਾਣ ਬਾਰੇ ਵਿਚਾਰ ਕਰ ਰਹੀਆਂ ਸਨ। ਦੋਵਾਂ ਦੇਸ਼ਾਂ ਦਰਮਿਆਨ ਵਪਾਰ ਯੁੱਧ ਦੇ ਕਾਰਨ, ਉਤਪਾਦਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ, ਜਿਸਦਾ ਅਸਰ ਕੰਪਨੀਆਂ ਦੇ ਮੁਨਾਫੇ ਉੱਤੇ ਪਿਆ ਹੈ। ਹਾਲਾਂਕਿ ਭਾਰਤ ਉਸ ਸਮੇਂ ਸਥਿਤੀ ਦਾ ਪੂਰਾ ਲਾਭ ਨਹੀਂ ਲੈ ਸਕਿਆ। ਪਰ ਹੁਣ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ।
 

Harinder Kaur

This news is Content Editor Harinder Kaur