ਕਾਗਨੀਜੈਂਟ 400 ਹੋਰ ਉੱਚ ਅਧਿਕਾਰੀਆਂ ਦੀ ਕਰੇਗੀ ਛਾਂਟੀ

05/28/2020 2:10:41 AM

ਨਵੀਂ ਦਿੱਲੀ (ਇੰਟ) -ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ’ਤੇ ਰੋਕਥਾਮ ਲਈ ਦੇਸ਼ ਵਿਆਪੀ ਲਾਕਡਾਊਨ ਦੌਰਾਨ ਕਾਰੋਬਾਰ ’ਚ ਭਾਰੀ ਨੁਕਸਾਨ ਹੋਇਆ ਹੈ। ਇਸ ਨਾਲ ਕਈ ਕੰਪਨੀਆਂ ’ਚ ਛਾਂਟੀ ਅਤੇ ਤਨਖਾਹ ਕਟੌਤੀ ਦਾ ਸਿਲਸਿਲਾ ਜਾਰੀ ਹੈ। ਹੁਣ ਦਿੱਗਜ ਆਈ. ਟੀ. ਕੰਪਨੀ ਕਾਗਨੀਜੈਂਟ ਨੇ ਅਧਿਕਾਰੀ ਪੱਧਰ ਦੇ ਲੱਗਭੱਗ 400 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਵਿਖਾਉਣ ਦਾ ਫੈਸਲਾ ਕੀਤਾ ਹੈ। ਇਸ ’ਚ ਡਾਇਰੈਕਟਰ, ਸੀਨੀਅਰ ਡਾਇਰੈਕਟਰ, ਐਸੋਸੀਏਟ ਵਾਈਸ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ। ਕੰਪਨੀ ਇਹ ਛਾਂਟੀ ਪੜਾਅਬੱਧ ਤਰੀਕੇ ਨਾਲ ਕਰੇਗੀ।

ਦੱਸ ਦੇਈਏ ਕਿ ਕੰਪਨੀ ਨੇ 2 ਸਾਲ ਪਹਿਲਾਂ ਵੀ ਡਾਇਰੈਕਟਰ ਅਤੇ ਅੱਪਰ ਲੈਵਲ ਦੇ ਕਰੀਬ 200 ਸੀਨੀਅਰ ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਇਸ ਤੋਂ ਇਕ ਸਾਲ ਪਹਿਲਾਂ ਕੰਪਨੀ ਨੇ 400 ਉੱਚ ਕਰਮਚਾਰੀਆਂ ਨੂੰ ਵਾਲੰਟਰੀ ਸੈਪਰੇਸ਼ਨ ਸਕੀਮ ਆਫਰ ਕੀਤੀ ਸੀ। ਹਾਲਾਂਕਿ ਕੰਪਨੀ ਦੇ ਸੀ. ਈ. ਓ. ਬ੍ਰਾਇਨ ਹੰਫਰੀਜ਼ ਦਾ ਸਪੱਸ਼ਟ ਤੌਰ ’ਤੇ ਮੰਨਣਾ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਮੱਧ ਅਤੇ ਟਾਪ ਲੈਵਲ ’ਤੇ ਬਚੇ ਹੋਏ ਹਨ।

ਕੰਪਨੀ ਛਾਂਟੀ ਦੇ ਬਦਲੇ ’ਚ ਕਰਮਚਾਰੀਆਂ ਨੂੰ ਮੁਆਵਜ਼ੇ ਦੇ ਤੌਰ ’ਤੇ 20 ਹਫਤੇ ਯਾਨੀ 3 ਮਹੀਨਿਆਂ ਦੀ ਸੈਲਰੀ, ਨਾਲ ਹੀ ਕਰਮਚਾਰੀ ਨੇ ਕੰਪਨੀ ਨਾਲ ਜਿੰਨੇ ਸਾਲ ਤੱਕ ਕੰਮ ਕੀਤਾ ਹੈ, ਓਨੇ ਹਫਤੇ ਦੀ ਤਨਖਾਹ ਆਫਰ ਕੀਤੀ ਜਾ ਰਹੀ ਹੈ। ਕੰਪਨੀ ਕਾਰੋਬਾਰ ’ਚ ਲਾਗਤ ਅਤੇ ਆਮਦਨੀ ’ਚ ਤਾਲਮੇਲ ਰੱਖਣ ਲਈ ਵਰਕਫੋਰਸ ਨੂੰ ਘੱਟ ਕਰ ਰਹੀ ਹੈ।

ਕੰਪਨੀ ਆਪਣੇ ਯੂ. ਐੱਸ. ਕਰਮਚਾਰੀਆਂ ਨੂੰ ਦੇਵੇਗੀ ਰਾਹਤ ਪੈਕੇਜ

ਦੱਸ ਦੇਈਏ ਕਿ ਜਿੱਥੇ ਇੱਕ ਪਾਸੇ ਕੰਪਨੀ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਉਥੇ ਹੀ ਉਸ ਨੇ ਆਪਣੇ ਅਮਰੀਕੀ ਕਰਮਚਾਰੀਆਂ ਲਈ ਵਾਲੰਟਰੀ ਸੈਪਰੇਸ਼ਨ ਸਕੀਮ ਦਾ ਐਲਾਨ ਕੀਤਾ ਹੈ। ਮੰਗ ’ਚ ਕਮੀ ਅਤੇ ਘੱਟ ਕੰਟਰੈਕਟ ਕਾਰਣ ਕੰਪਨੀ ਸਰਗਰਮ ਪ੍ਰਾਜੈਕਟਾਂ ਦੇ ਬਿਨਾਂ ਕਰਮਚਾਰੀਆਂ ਦੀ ਗਿਣਤੀ ਘੱਟ ਕਰ ਰਹੀ ਹੈ।


Karan Kumar

Content Editor

Related News