ਕੋਲ ਇੰਡੀਆ ਦੀ ਬਿਜਲੀ ਖੇਤਰ ਨੂੰ ਸਪਲਾਈ 11.4 ਫੀਸਦੀ ਵਧ ਕੇ 3.86 ਕਰੋੜ ਟਨ ਹੋਈ

09/26/2021 1:18:37 PM

ਨਵੀਂ ਦਿੱਲੀ- ਪਬਲਿਕ ਸੈਕਟਰ ਕੰਪਨੀ ਕੋਲ ਇੰਡੀਆ ਲਿਮਿਟੇਡ (ਸੀ. ਆਈ. ਐੱਲ.) ਦੀ ਪਿਛਲੇ ਮਹੀਨੇ ਬਿਜਲੀ ਖੇਤਰ ਨੂੰ ਈਂਧਣ ਸਪਲਾਈ 11.4 ਫੀਸਦੀ ਵਧ ਕੇ 3.86 ਕਰੋੜ ਟਨ 'ਤੇ ਪਹੁੰਚ ਗਈ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਪ੍ਰਾਪਤ ਹੋਈ।

ਇਹ ਮਹੱਤਵਪੂਰਨ ਹੈ ਕਿਉਂਕਿ ਦੇਸ਼ ਦੇ ਤਾਪ ਬਿਜਲੀ ਪਲਾਂਟਾਂ ਕੋਲੇ ਦੀ ਕਮੀ ਦੇ ਸੰਕਟ ਨਾਲ ਜੂਝ ਰਹੇ ਹਨ। ਦੇਸ਼ ਪੱਧਰ ਦੇ ਕੋਲਾ ਉਤਪਾਦਨ ਵਿਚ ਕੋਲ ਇੰਡੀਆ ਦੀ ਹਿੱਸੇਦਾਰੀ 80 ਫ਼ੀਸਦੀ ਹੈ। ਪਿਛਲੇ ਸਾਲ ਅਗਸਤ ਵਿਚ ਬਿਜਲੀ ਪਲਾਂਟਾਂ ਨੂੰ ਕੋਲ ਇੰਡੀਆ ਦੀ ਸਪਲਾਈ 3.46 ਕਰੋੜ ਟਨ ਰਹੀ ਸੀ। ਚਾਲੂ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ ਅਪ੍ਰੈਲ-ਅਗਸਤ ਵਿਚ ਬਿਜਲੀ ਪਲਾਂਟਾਂ ਨੂੰ ਕੋਲ ਇੰਡੀਆ ਦੀ ਸਪਲਾਈ 27.2 ਫ਼ੀਸਦੀ ਵੱਧ ਕੇ 20.59 ਕਰੋੜ ਟਨ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਇਹ ਅੰਕੜਾ 16.18 ਕਰੋੜ ਟਨ ਰਿਹਾ ਸੀ।

ਇਸ ਤੋਂ ਪਹਿਲਾਂ ਕੋਲ ਇੰਡੀਆ ਨੇ ਕਿਹਾ ਸੀ ਕਿ ਉਹ ਬਿਜਲੀ ਪਲਾਂਟਾਂ ਵਿਚ ਸਟਾਕ ਬਣਾਉਣ ਵਿਚ ਮਦਦ ਨੂੰ ਬਹੁ-ਪੱਧਰੀ ਯਤਨ ਕਰ ਰਹੀ ਹੈ। ਕੋਲ ਇੰਡੀਆ ਨੇ ਆਪਣੇ ਉੱਚੇ ਭੰਡਾਰਣ ਵਾਲੇ ਸਰੋਤਾਂ ਤੋਂ ਰੇਲ ਸਹਿ ਸੜਕ ਮਾਰਗ ਜ਼ਰੀਏ ਕੋਲੇ ਦੀ ਪੇਸ਼ਕਸ਼ ਕੀਤੀ ਸੀ। ਕੋਲ ਇੰਡੀਆ ਨੇ ਬਿਆਨ ਵਿਚ ਕਿਹਾ ਕਿ 16 ਅਗਸਤ ਤੱਕ 4.03 ਕਰੋੜ ਟਨ ਭੰਡਾਰ ਵਾਲੀ 23 ਅਜਿਹਿਆਂ ਖਦਾਨਾਂ ਦੀ ਪਛਾਣ ਕੀਤੀ ਗਈ ਸੀ। ਕੋਲ ਇੰਡੀਆ ਨੇ ਕਿਹਾ ਕਿ ਸਿਫ਼ਰ ਤੋਂ ਛੇ ਦਿਨ ਦਾ ਭੰਡਾਰ ਰੱਖਣ ਵਾਲੇ ਬਿਜਲੀ ਪਲਾਂਟਾਂ ਨੂੰ ਸਪਲਾਈ ਵਿਚ ਤਰਜੀਹ ਦਿੱਤੀ ਜਾ ਰਹੀ ਹੈ।

Sanjeev

This news is Content Editor Sanjeev