ਪਾਲਿਸੀ ਹੋਲਡਰ ਦੇ ਕਤਲ ਤੋਂ ਬਾਅਦ ਨਹੀਂ ਦਿੱਤਾ ਕਲੇਮ, ਐੱਲ. ਆਈ. ਸੀ. ਨੂੰ 13.50 ਲੱਖ ਰੁਪਏ ਜੁਰਮਾਨਾ

09/24/2017 1:19:13 AM

ਬਦਾਯੂੰ-ਬਰੇਲੀ ਜ਼ਿਲੇ ਦੀ ਤਹਿਸੀਲ ਫਰੀਦਪੁਰ ਖੇਤਰ ਦੇ ਇਕ ਜਵਾਨ ਦੇ 5 ਸਾਲ ਪਹਿਲਾਂ ਹੋਏ ਕਤਲ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਉਸ ਦੇ ਬੀਮੇ ਦਾ ਲਾਭ ਲੈਣ ਲਈ ਖਪਤਕਾਰ ਫੋਰਮ 'ਚ ਦਰਜ ਕੀਤੇ ਮੁਕੱਦਮੇ ਦਾ ਫੈਸਲਾ ਸ਼ੁੱਕਰਵਾਰ ਨੂੰ ਆ ਗਿਆ। ਫੋਰਮ ਨੇ ਸ਼ਿਕਾਇਤਕਰਤਾ ਦੇ ਪੱਖ 'ਚ ਫੈਸਲਾ ਸੁਣਾਉਂਦਿਆਂ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੂੰ 13.50 ਲੱਖ ਰੁਪਏ ਦੀ ਰਾਸ਼ੀ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਫਰੀਦਪੁਰ ਨਿਵਾਸੀ ਸ਼ਾਂਤੀਪ੍ਰਕਾਸ਼ ਨੇ ਆਪਣੇ ਪੁੱਤਰ ਵੈਭਵ ਮਿਸ਼ਰਾ ਦੇ ਕਤਲ ਹੋਣ ਤੋਂ ਬਾਅਦ ਐੱਲ. ਆਈ. ਸੀ. ਦੀ ਸਥਾਨਕ ਬ੍ਰਾਂਚ 'ਚ ਬੀਮਾ ਪਾਲਿਸੀ ਦੇ ਭੁਗਤਾਨ ਦਾ ਦਾਅਵਾ ਕੀਤਾ ਸੀ। ਇਸ 'ਤੇ ਬੀਮਾ ਕੰਪਨੀ ਨੇ ਉਨ੍ਹਾਂ ਦੇ ਦਾਅਵੇ ਨੂੰ ਕੁੱਝ ਇਤਰਾਜ਼ ਲਾ ਕੇ ਖਾਰਿਜ ਕਰ ਦਿੱਤਾ ਸੀ, ਤਾਂ ਉਨ੍ਹਾਂ ਜ਼ਿਲਾ ਖਪਤਕਾਰ ਫੋਰਮ 'ਚ ਮੁਕੱਦਮਾ ਦਰਜ ਕੀਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਨੇ ਬਦਾਯੂੰ ਐੱਲ. ਆਈ. ਸੀ. ਤੋਂ ਆਪਣਾ ਬੀਮਾ ਕਰਵਾਇਆ ਸੀ।  
ਕੀ ਕਿਹਾ ਫੋਰਮ ਨੇ
ਫੋਰਮ ਦੀ ਬੈਂਚ ਦੇ ਪ੍ਰਧਾਨ ਸ਼ਿਵਕਰਨ, ਮੈਂਬਰ ਪ੍ਰਵੀਨ ਕੁਮਾਰ ਯਾਦਵ ਅਤੇ ਮਧੂ ਸਕਸੈਨਾ ਨੇ ਸ਼ੁੱਕਰਵਾਰ ਨੂੰ ਇਸ ਸਬੰਧ 'ਚ ਆਪਣਾ ਫੈਸਲਾ ਸੁਣਾਇਆ। ਫੈਸਲੇ ਅਨੁਸਾਰ ਐੱਲ. ਆਈ. ਸੀ. ਦੇ ਖਾਰਿਜ ਕੀਤੇ ਗਏ ਦਾਅਵੇ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਗਿਆ। ਬੈਂਚ ਵੱਲੋਂ ਮ੍ਰਿਤਕ ਵੈਭਵ ਮਿਸ਼ਰਾ ਦੀ ਪੋਸਟਮਾਰਟਮ ਰਿਪੋਰਟ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਉਸ ਦੀ ਹੱਤਿਆ ਸਿਰ 'ਚ ਸੱਟ ਮਾਰ ਕੇ ਕੀਤੀ ਗਈ ਸੀ। ਬੈਂਚ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਬੀਮਾ ਕੰਪਨੀ ਨੇ ਪੀੜਤ ਦਾ ਬੀਮਾ ਦਾਅਵਾ ਅਤੇ ਹਾਦਸੇ ਲਈ ਲਾਭ ਅਦਾ ਨਾ ਕਰ ਕੇ ਸੇਵਾ 'ਚ ਕਮੀ ਕੀਤੀ ਹੈ। ਫੋਰਮ ਨੇ ਕਿਹਾ ਕਿ ਬੀਮਾ ਕੰਪਨੀ ਪੀੜਤ ਨੂੰ ਉਸ ਦੇ ਮ੍ਰਿਤਕ ਪੁੱਤਰ ਦੇ ਬੀਮਾ ਦਾਅਵੇ ਦੀ ਰਕਮ 12.50 ਲੱਖ ਰੁਪਏ ਅਤੇ ਹਾਦਸਾ ਹਿੱਤ ਲਾਭ ਦੇ 1 ਲੱਖ ਰੁਪਏ 9 ਫ਼ੀਸਦੀ ਵਿਆਜ ਸਮੇਤ ਅਦਾ ਕਰੇ। ਇਸ ਤੋਂ ਇਲਾਵਾ ਫੋਰਮ ਨੇ ਆਪਣੇ ਹੁਕਮ 'ਚ ਇਹ ਵੀ ਕਿਹਾ ਹੈ ਕਿ ਪੀੜਤ ਨੂੰ ਅਦਾਲਤੀ ਖ਼ਰਚ ਦੇ ਰੂਪ 'ਚ 2 ਹਜ਼ਾਰ ਰੁਪਏ ਵੀ ਅਦਾ ਕੀਤੇ ਜਾਣ।