ਭਾਰਤ ’ਚ ਜੂਲ ਇਲੈਕਟ੍ਰਾਨਿਕਸ ਸਿਗਰਟ ਦੇ ਦਾਖਲੇ ’ਤੇ ਲੱਗੇਗੀ ਰੋਕ

03/16/2019 7:47:05 AM

ਨਵੀਂ ਦਿੱਲੀ— ਅਮਰੀਕੀ ਈ-ਸਿਗਰਟ ਕੰਪਨੀ ਜੂਲ ਵਲੋਂ ਦੱਖਣੀ ਏਸ਼ੀਆ ਦੇ ਬਾਜ਼ਾਰ ’ਚ ਦਾਖਲੇ ਦੀ ਯੋਜਨਾ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਸਿਹਤ ਮੰਤਰਾਲਾ ਨੇ ਜੂਲ ਲੈਬਜ਼ ਦੀ ਇਲੈਕਟ੍ਰਾਨਿਕ ਸਿਗਰਟ ਨੂੰ ਦੇਸ਼ ਵਿਚ ਐਂਟਰ ਹੋਣ ਤੋਂ ਰੋਕਣ ਲਈ ਅਧਿਕਾਰੀਆਂ ਨੂੰ ਕਿਹਾ ਹੈ। ਕੰਪਨੀ ਨੇ 2019 ਦੇ ਅਖੀਰ ਤੱਕ ਕਾਰਜ ਖੇਤਰ ਦਾ ਵਿਸਥਾਰ ਕਰਦੇ ਹੋਏ ਭਾਰਤ ਵਿਚ ਆਪਣੇ ਉਤਪਾਦ ਉਤਾਰਨ ਦੀ ਯੋਜਨਾ ਬਣਾਈ ਹੈ।

 

ਜਨਵਰੀ ਵਿਚ ਸੂਚਨਾ ਮਿਲੀ ਸੀ ਕਿ ਕੰਪਨੀ ਭਾਰਤ ਵਿਚ ਸਹਾਇਕ ਕੰਪਨੀ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਭਾਰਤ ਦੇ ਸੀਨੀਅਰ ਸਿਹਤ ਅਧਿਕਾਰੀ ਨੇ ਫਰਵਰੀ ਵਿਚ ਫੈਡਰਲ ਕਾਮਰਸ ਸੈਕਰੇਟਰੀ ਨੂੰ ਇਕ ਪੱਤਰ ਲਿਖਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਅਜਿਹੇ ਉਤਪਾਦਾਂ ਦੀ ਭਾਰਤੀ ਬਾਜ਼ਾਰ ਵਿਚ ਐਂਟਰੀ ’ਤੇ ਪਾਬੰਦੀ ਲਾਉਣ ਦੀ ਲੋੜ ਹੈ। 18 ਫਰਵਰੀ ਨੂੰ ਲਿਖੇ ਪੱਤਰ ਵਿਚ ਸਿਹਤ ਸਕੱਤਰ ਪ੍ਰੀਤੀ ਸੂਦਨ ਨੇ ਕਿਹਾ ਕਿ ਜੂਲ ਵਰਗੇ ਉਤਪਾਦ ਸਿਹਤ ਲਈ ਨੁਕਸਾਨਦਾਇਕ ਹਨ ਅਤੇ ਇਹ ਆਦਤ ਪਾਉਣ ਵਾਲੇ ਹਨ। ਇਸਦੀ ਇਜਾਜ਼ਤ ਦੇਣ ਨਾਲ ਸਾਡੀ ਤਮਾਕੂ ’ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਮਜ਼ੋਰ ਹੋਵੇਗੀ। ਪ੍ਰੀਤੀ ਨੇ ਆਪਣੇ ਪੱਤਰ ਦੀ ਇਕ ਕਾਪੀ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੂੰ ਵੀ ਭੇਜੀ ਹੈ ਪਰ ਅਜੇ ਤੱਕ ਇਸ ਮਾਮਲੇ ਵਿਚ ਪੀ. ਐੱਮ. ਓ. ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਵਰਣਨਯੋਗ ਹੈ ਕਿ ਭਾਰਤ ਵਿਚ 106 ਮਿਲੀਅਨ ਲੋਕ ਸਿਗਰਟ ਪੀਂਦੇ ਹਨ। ਇਹ ਗਿਣਤੀ ਦੁਨੀਆ ਭਰ ਵਿਚ ਚੀਨ ਤੋਂ ਬਾਅਦ ਦੂਸਰੇ ਸਥਾਨ ’ਤੇ ਹੈ। ਇਸ ਵਜ੍ਹਾ ਕਾਰਨ ਜੂਲ ਅਤੇ ਫਿਲਿਪ ਮਾਰਿਸ ਇੰਟਰਨੈਸ਼ਨਲ ਇੰਕ ਵਰਗੀਆਂ ਫਰਮਾਂ ਲਈ ਭਾਰਤ ਇਕ ਆਕਰਸ਼ਕ ਬਾਜ਼ਾਰ ਬਣ ਗਿਆ ਹੈ, ਹਾਲਾਂਕਿ ਭਾਰਤ ਵਿਚ ਈ-ਸਿਗਰਟ ਪਾਬੰਦੀਸ਼ੁਦਾ ਹੈ। ਸਿਹਤ ਮੰਤਰਾਲਾ ਨੇ ਪਿਛਲੇ ਸਾਲ ਸੂਬਿਆਂ ਨੂੰ ਈ-ਸਿਗਰਟ ਦੀ ਵਿਕਰੀ ਤੇ ਦਰਾਮਦ ’ਤੇ ਰੋਕ ਲਾਉਣ ਦਾ ਹੁਕਮ ਜਾਰੀ ਕੀਤਾ ਸੀ। ਭਾਰਤ ਵਿਚ ਹਰ ਸਾਲ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਤਮਾਕੂ ਦੀ ਵਰਤੋਂ ਕਾਰਨ ਹੋਣ ਵਾਲੇ ਰੋਗਾਂ ਕਾਰਨ ਮੌਤ ਹੋ ਜਾਂਦੀ ਹੈ।