1 Feb ਤੋਂ ਬਦਲ ਜਾਣਗੇ DTH ਪਲਾਨ, ਇੰਝ ਚੁਣ ਸਕਦੇ ਹੋ ਪਸੰਦੀਦਾ ਚੈਨਲ

01/20/2019 10:26:55 AM

ਨਵੀਂ ਦਿੱਲੀ— 1 ਫਰਵਰੀ ਤੋਂ ਟਰਾਈ (ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ) ਦਾ ਡੀ. ਟੀ. ਐੱਚ. ਅਤੇ ਕੇਬਲ ਆਪਰੇਟਰਾਂ ਲਈ ਜਾਰੀ ਕੀਤਾ ਗਿਆ ਨਵਾਂ ਨਿਯਮ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ। ਇਸ ਨਿਯਮ ਤਹਿਤ ਟਰਾਈ ਨੇ ਗਾਹਕਾਂ ਨੂੰ ਆਪਣੀ ਪਸੰਦ ਦੇ ਚੈਨਲ ਚੁਣਨ ਅਤੇ ਸਿਰਫ ਉਨ੍ਹਾਂ ਦੇ ਪੈਸੇ ਚੁਕਾਉਣ ਦੀ ਸਹੂਲਤ ਦਿੱਤੀ ਹੈ।ਇਸ ਨਾਲ ਡੀ. ਟੀ. ਐੱਚ. ਦਾ ਬਿੱਲ ਘੱਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਡਿਸ਼ ਟੀ. ਵੀ., ਏਅਰਟੈੱਲ ਅਤੇ ਵੀਡੀਓਕਾਨ ਡੀ2ਐੱਚ ਨੇ ਵੈੱਬਸਾਈਟ ਅਤੇ ਫੋਨ ਦੇ ਮਾਧਿਅਮ ਰਾਹੀਂ ਚੈਨਲਾਂ ਦੇ ਬਦਲ ਚੁਣਨ ਦੀ ਸੁਵਿਧਾ ਦੇਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਟਾਟਾ ਸਕਾਈ ਬਦਲ ਲੈਣ ਤੋਂ ਇਨਕਾਰ ਕਰ ਰਿਹਾ ਹੈ। ਉਸ ਨੇ ਇਸ ਨਿਯਮ ਖਿਲਾਫ ਅਦਾਲਤ ਦਾ ਰੁਖ਼ ਕੀਤਾ ਹੈ। ਟਰਾਈ ਨੇ ਟਾਟਾ ਸਕਾਈ ਤੋਂ ਇਸ ਮਾਮਲੇ 'ਚ ਜਵਾਬ ਤਲਬ ਕੀਤਾ ਹੈ।

ਇਹ ਹਨ ਚੈਨਲ ਚੁਣਨ ਦੇ ਦੋ ਸਭ ਤੋਂ ਆਸਾਨ ਤਰੀਕੇ

1. ਜੇਕਰ ਡੀ. ਟੀ. ਐੱਚ. ਆਪਰੇਟਰ ਦੀ ਵੈੱਬਸਾਈਟ ਜਾਂ ਐਪ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਵੈੱਬਸਾਈਟ ਜਾਂ ਐਪ 'ਤੇ ਜਾ ਕੇ ਪਸੰਦ ਦੇ ਚੈਨਲ ਚੁਣ ਸਕਦੇ ਹੋ। ਇੱਥੇ ਐੱਚ. ਡੀ., ਸਟੈਂਡਰਡ (ਐੱਸ. ਡੀ.) ਅਤੇ ਭਾਸ਼ਾ ਦੇ ਬਦਲ ਵੀ ਉਪਲੱਬਧ ਹੋਣਗੇ, ਨਾਲ ਹੀ ਪ੍ਰਸਾਰਣਕਰਤਾਵਾਂ ਵੱਲੋਂ ਦਿੱਤੇ ਜਾ ਰਹੇ ਬੁਕੇ ਵੀ ਦਿਖਣਗੇ। ਕੁਝ ਵੱਡੇ ਕੇਬਲ ਆਪਰੇਟਰਾਂ ਨੇ ਵੀ ਆਪਣੀ ਐਪ ਲਾਂਚ ਕੀਤੀ ਹੈ। ਉਨ੍ਹਾਂ 'ਤੇ ਜਾ ਕੇ ਵੀ ਚੈਨਲਾਂ ਦੇ ਪੈਕ ਬਣਾ ਸਕਦੇ ਹੋ। ਆਪਰੇਟਰ 75 ਮੁਫਤ ਚੈਨਲਾਂ ਦੀ ਆਪਣੀ ਸੂਚੀ ਦਿਖਾ ਰਹੇ ਹਨ ਪਰ ਤੁਸੀਂ 548 ਚੈਨਲਾਂ 'ਚੋਂ ਕਿਸੇ ਵੀ ਚੈਨਲ ਦੀ ਮੰਗ ਕਰ ਸਕਦੇ ਹੋ।

2. ਜੇਕਰ ਕੇਬਲ ਕੁਨੈਕਸ਼ਨ ਹੈ ਜਾਂ ਆਪਰੇਟਰ ਦੀ ਵੈੱਬਸਾਈਟ/ਐਪ ਇਸਤੇਮਾਲ ਨਹੀਂ ਕਰਦੇ ਹੋ ਤਾਂ ਸਾਰੇ ਚੈਨਲਾਂ ਦੇ ਨਾਂ ਨਾਲ ਉਨ੍ਹਾਂ ਦੀ ਕੀਮਤ ਟੀ. ਵੀ. 'ਤੇ ਦੇਖੀ ਜਾ ਸਕਦੀ ਹੈ। ਉਸ ਦੇ ਆਧਾਰ 'ਤੇ ਚੈਨਲਾਂ ਦੀ ਲਿਸਟ ਬਣਾ ਸਕਦੇ ਹੋ। ਫਿਰ ਇਸ ਲਿਸਟ ਨੂੰ ਕੇਬਲ ਆਪਰੇਟਰ ਜਾਂ ਡੀ. ਟੀ. ਐੱਚ. ਦੇ ਗਾਹਕ ਸਹਾਇਤਾ ਨੰਬਰ 'ਤੇ ਫੋਨ ਕਰਕੇ ਲਾਗੂ ਕਰਵਾਇਆ ਜਾ ਸਕਦਾ ਹੈ। ਬੁਕੇ ਦੀ ਜਾਣਕਾਰੀ ਦਾ ਵਿਗਿਆਪਨ ਵੀ ਵੱਖ-ਵੱਖ ਚੈਨਲਾਂ 'ਤੇ ਆ ਰਿਹਾ ਹੈ। ਤੁਸੀਂ ਬੁਕੇ ਅਤੇ ਵੱਖ-ਵੱਖ ਚੈਨਲਾਂ ਦੋਹਾਂ 'ਚੋਂ ਕੋਈ ਵੀ ਚੁਣ ਸਕਦੇ ਹੋ।