ਵੱਡੇ ਪੈਮਾਨੇ ’ਤੇ ਵਧੀ ਚੀਨੀ ਇਲੈਕਟ੍ਰਾਨਿਕਸ ਸਾਮਾਨ ਦੀ ਖਪਤ ਤੇ ਚੀਨੀ ਕੰਪਨੀਆਂ ਦੀ ਕਮਾਈ

12/02/2019 10:35:48 AM

ਨਵੀਂ ਦਿੱਲੀ — ਭਾਰਤ ’ਚ ਚੀਨੀ ਵਸਤਾਂ ਦਾ ਬਾਈਕਾਟ ਉਸ ਸਮੇਂ ਸ਼ੁਰੂ ਹੋ ਜਾਂਦਾ ਹੈ, ਜਦੋਂ ਭਾਰਤ ਅਤੇ ਚੀਨ ਦੇ ਬਾਰਡਰ ’ਤੇ ਤਣਾਅ ਹੁੰਦਾ ਹੈ ਜਾਂ ਫਿਰ ਚੀਨ ਪਾਕਿਸਤਾਨ ਦੇ ਪੱਖ ’ਚ ਖੜ੍ਹਾ ਨਜ਼ਰ ਆਉਂਦਾ ਹੈ। ਹਾਲਾਂਕਿ ਇਸ ਵਿਰੋਧ ਦੇ ਬਾਵਜੂਦ ਭਾਰਤ ’ਚ ਵੱਡੇ ਪੈਮਾਨੇ ’ਤੇ ਚੀਨੀ ਇਲੈਕਟ੍ਰਾਨਿਕਸ ਸਾਮਾਨ ਦੀ ਖਪਤ ਵਧ ਰਹੀ ਹੈ। ਵਿੱਤੀ ਸਾਲ 2019 ’ਚ ਭਾਰਤੀਆਂ ਨੇ ਚੀਨੀ ਅਤੇ ਕੋਰੀਆਈ ਮੋਬਾਇਲ ਫੋਨ ਅਤੇ ਕੰਜ਼ਿਊਮਰ ਇਲੈਕਟ੍ਰਾਨਿਕਸ ’ਤੇ ਕਰੀਬ 1.70 ਲੱਖ ਕਰੋਡ਼ ਰੁਪਏ ਖਰਚ ਕੀਤੇ ਹਨ। ਭਾਰਤ ’ਚ ਚੀਨੀ ਅਤੇ ਕੋਰੀਆਈ ਇਲੈਕਟ੍ਰਾਨਿਕ ਸਾਮਾਨ ਦੀ ਖਪਤ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 35 ਫੀਸਦੀ ਵਧ ਗਈ ਹੈ। ਸੂਤਰਾਂ ਮੁਤਾਬਕ ਵਿੱਤੀ ਸਾਲ 2019 ’ਚ ਸੈਮਸੰਗ ਇੰਡੀਆ ਦਾ ਰੈਵੇਨਿਊ 20 ਫੀਸਦੀ ਵਧ ਕੇ 10 ਮਿਲੀਅਨ ਮਾਈਸਟੋਨ ਨੂੰ ਪਾਰ ਕਰ ਕੇ 73,086 ਕਰੋਡ਼ ਰੁਪਏ ਹੋ ਗਿਆ। ਉਥੇ ਹੀ ਸ਼ਾਓਮੀ ਦਾ ਰੈਵੇਨਿਊ 50 ਫੀਸਦੀ ਵਧ ਕੇ ਕਰੀਬ 35,427 ਕਰੋਡ਼ ਰੁਪਏ ਹੋ ਗਿਆ। ਰੀਅਲਮੀ ਨੂੰ ਸ਼ਾਮਲ ਕਰ ਲਈਏ ਤਾਂ ਓਪੋ ਇੰਡੀਆ ਦੀ ਸੇਲ 80 ਫੀਸਦੀ ਹੋ ਕੇ 21,524 ਕਰੋਡ਼ ਰੁਪਏ ਹੋ ਗਈ, ਜਦੋਂਕਿ ਵੀਵੋ ਦਾ ਰੈਵੇਨਿਊ 54 ਫੀਸਦੀ ਵਧ ਕੇ 17,202 ਹੋ ਗਿਆ।

ਭਾਰਤ ਦੀ ਵੱਡੀ ਮਾਰਕੀਟ ’ਤੇ ਚੀਨੀ ਸਾਮਾਨ ਦਾ ਕਬਜ਼ਾ

ਯੂ. ਐੱਸ. ਬੇਸਡ ਮਾਰਕੀਟ ਟਰੈਕਰ ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈ. ਡੀ. ਸੀ.) ਮੁਤਾਬਕ ਸ਼ਾਓਮੀ, ਸੈਮਸੰਗ, ਵੀਵੋ, ਰੀਅਲਮੀ ਅਤੇ ਓਪੋ ਵਰਗੇ 5 ਬ੍ਰਾਂਡ ਦਾ ਭਾਰਤ ਦੀ 87.3 ਫੀਸਦੀ ਭਾਰਤੀ ਮਾਰਕੀਟ ’ਤੇ ਕਬਜ਼ਾ ਰਿਹਾ, ਜਦੋਂਕਿ ਪਿਛਲੇ ਸਾਲ ਸਤੰਬਰ ਮਹੀਨੇ ’ਚ ਇਹ ਅੰਕੜਾ 70 ਫੀਸਦੀ ਸੀ। ਸੈਮਸੰਗ, ਸ਼ਾਓਮੀ ਅਤੇ ਐੱਲ. ਜੀ. ਦਾ ਭਾਰਤੀ ਟੈਲੀਵਿਜ਼ਨ ਦੀ 70 ਫੀਸਦੀ ਮਾਰਕੀਟ ’ਤੇ ਕਬਜ਼ਾ ਹੈ, ਜਦੋਂਕਿ ਇਨ੍ਹਾਂ ਕੰਪਨੀਆਂ ਦੀ ਰੈਫਰੀਜਰੇਟਰ ਦੀ 45 ਅਤੇ ਵਾਸ਼ਿੰਗ ਮਸ਼ੀਨ ਦੀ 50 ਫੀਸਦੀ ਮਾਰਕੀਟ ਹੈ।