ਚੀਨ ਦੀ GDP ਨੂੰ ਤਕੜਾ ਝਟਕਾ, 28 ਸਾਲਾਂ 'ਚ ਸਭ ਤੋਂ ਘੱਟ ਰਹੀ ਗ੍ਰੋਥ

01/21/2019 1:30:09 PM

ਨਵੀਂ ਦਿੱਲੀ— ਅਮਰੀਕਾ ਨਾਲ ਵਪਾਰ ਯੁੱਧ ਕਾਰਨ ਚੀਨ ਦੀ ਇਕੋਨਾਮੀ ਨੂੰ ਤਕੜਾ ਝਟਕਾ ਲੱਗਾ ਹੈ। ਸਾਲ 2018 'ਚ ਉਸ ਦੀ ਆਰਥਿਕ ਵਿਕਾਸ ਦਰ ਪਿਛਲੇ ਤਿੰਨ ਦਹਾਕਿਆਂ 'ਚ ਸਭ ਤੋਂ ਘੱਟ ਰਫਤਾਰ ਨਾਲ ਵਧੀ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ 2018 'ਚ ਚੀਨ ਦੀ ਆਰਥਿਕ ਵਿਕਾਸ ਦਰ 6.6 ਫੀਸਦੀ ਦੀ ਦਰ ਨਾਲ ਵਧੀ ਹੈ, ਜੋ 1990 ਮਗਰੋਂ ਸਭ ਤੋਂ ਖਰਾਬ ਪ੍ਰਦਰਸ਼ਨ ਹੈ।
ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਇਹ ਹਾਲਤ ਅਮਰੀਕਾ ਨਾਲ ਵਪਾਰ ਯੁੱਧ ਅਤੇ ਬਰਾਮਦ 'ਚ ਭਾਰੀ ਗਿਰਾਵਟ ਕਾਰਨ ਹੋਈ ਹੈ। ਦਸੰਬਰ ਤਿਮਾਹੀ 'ਚ ਉਸ ਦੀ ਅਰਥਵਿਵਸਥਾ ਦੀ ਰਫਤਾਰ 6.4 ਫੀਸਦੀ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 6.5 ਫੀਸਦੀ ਰਹੀ ਸੀ।

ਚੀਨ ਦੇ ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ (ਐੱਨ. ਬੀ. ਐੱਸ.) ਨੇ ਸੋਮਵਾਰ ਨੂੰ ਇਹ ਖੁਲਾਸਾ ਕੀਤਾ ਕਿ ਸਾਲ 2018 'ਚ ਚੀਨ ਦੀ ਅਰਥਵਿਵਸਥਾ 6.6 ਫੀਸਦੀ ਦੀ ਦਰ ਨਾਲ ਵਧੀ। ਐੱਨ. ਬੀ. ਐੱਸ. ਦੇ ਅੰਕੜਿਆਂ ਮੁਤਾਬਕ, ਸਾਲ 2018 'ਚ ਆਰਥਿਕ ਵਿਕਾਸ ਦਰ ਜਿੱਥੇ ਸਾਲ 2017 ਦੀ 6.8 ਫੀਸਦੀ ਦੇ ਮੁਕਾਬਲੇ ਘੱਟ ਹੈ, ਉੱਥੇ ਹੀ ਇਹ ਸਾਲ 1990 ਤੋਂ ਬਾਅਦ ਸਭ ਤੋਂ ਘੱਟ ਵਿਕਾਸ ਦਰ ਹੈ। 1990 'ਚ ਚੀਨ ਦੀ ਆਰਥਿਕ ਵਿਕਾਸ ਦਰ ਸਿਰਫ 3.9 ਫੀਸਦੀ ਰਹੀ ਸੀ।
ਚੀਨ ਦੀ ਆਰਥਿਕ ਸੁਸਤੀ ਦਾ ਅਸਰ ਕੌਮਾਂਤਰੀ ਅਰਥਵਿਵਸਥਾ 'ਤੇ ਪੈਣ ਦੀ ਚਿੰਤਾ ਵਧ ਗਈ ਹੈ। ਅਮਰੀਕਾ ਨਾਲ ਵਪਾਰ ਯੁੱਧ ਦੀ ਵਜ੍ਹਾ ਨਾਲ ਇਸ ਦੀ ਆਰਥਿਕ ਗਤੀ ਕਮਜ਼ੋਰ ਹੋਈ ਹੈ। ਸਾਲ 2018 ਦੀ ਸ਼ੁਰੂਆਤ ਤੋਂ ਹੀ ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਜਾਰੀ ਹੈ। ਦੋਹਾਂ ਦੇਸ਼ਾਂ ਨੇ ਇਕ-ਦੂਜੇ ਦੇ ਮਾਲ 'ਤੇ ਦਰਾਮਦ ਡਿਊਟੀ 'ਚ ਵਾਧਾ ਕੀਤਾ ਹੈ। ਪਿਛਲੇ ਸਾਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ 250 ਅਰਬ ਡਾਲਰ ਦੇ ਮਾਲ 'ਤੇ ਦਰਾਮਦ ਡਿਊਟੀ 25 ਫੀਸਦੀ ਤਕ ਵਧਾਈ ਸੀ। ਉੱਥੇ ਹੀ ਅਮਰੀਕਾ ਦੇ ਇਸ ਕਦਮ ਦੇ ਜਵਾਬ 'ਚ ਚੀਨ ਨੇ ਅਮਰੀਕਾ ਦੇ 110 ਅਰਬ ਡਾਲਰ ਦੇ ਮਾਲ 'ਤੇ ਦਰਾਮਦ ਡਿਊਟੀ ਵਧਾਈ ਸੀ।