ਆਪਣੀ ਚਾਲ 'ਚ ਖੁਦ ਫਸਿਆ ਚੀਨ, ਇਨ੍ਹਾਂ ਕਾਰਨਾਂ ਕਰਕੇ ਭਾਰਤ ਨਾਲ ਨਹੀਂ ਕਰ ਸਕਦਾ ਜੰਗ

07/21/2017 3:46:44 PM

ਨਵੀਂ ਦਿੱਲੀ— ਡੋਕਾਲਾਮ 'ਚ ਜਾਰੀ ਤਣਾਅ ਵਿਚਕਾਰ ਚੀਨ ਵਾਰ-ਵਾਰ ਚੈਨਲਾਂ ਜ਼ਰੀਏ ਭਾਰਤ ਨੂੰ ਚਿਤਾਵਨੀ ਦੇ ਰਿਹਾ ਹੈ। ਇਸ ਵਿਚਕਾਰ ਦੋਹਾਂ ਦਰਮਿਆਨ ਜੰਗ ਛਿੜਨ ਦੇ ਖਦਸ਼ੇ ਵੀ ਪ੍ਰਗਟਾਏ ਜਾ ਰਹੇ ਹਨ। ਹਾਲਾਂਕਿ ਚੀਨ ਦੀਆਂ ਭੜਕਾਉਣ ਵਾਲੀਆਂ ਗੱਲਾਂ 'ਤੇ ਭਾਰਤ ਦਾ ਰੁਖ਼ ਸੰਤੁਲਨ ਵਾਲਾ ਹੀ ਰਿਹਾ ਹੈ। ਭਾਰਤ ਜਾਣਦਾ ਹੈ ਕਿ ਚੀਨ ਲਈ ਅਜਿਹਾ ਕਰਨਾ ਆਸਾਨ ਨਹੀਂ ਹੈ। ਇਸ ਪਿੱਛੇ ਚੀਨ ਦੇ ਅਜਿਹੇ ਕਦਮ ਹਨ, ਜੋ ਜੰਗ ਦੇ ਹਾਲਾਤ 'ਚ ਉਸ ਲਈ ਵੱਡੀ ਗਲਤੀ ਸਾਬਤ ਹੋ ਸਕਦੇ ਹਨ। 
ਕੌਮਾਂਤਰੀ ਮਾਹੌਲ ਚੀਨ ਖਿਲਾਫ
ਚੀਨ ਦੀ ਸਰਹੱਦ ਇਕ ਦਰਜਨ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਹੈ। ਇਨ੍ਹਾਂ 'ਚ ਜ਼ਿਆਦਾਤਰ ਦੇਸ਼ਾਂ ਨਾਲ ਉਸ ਦੇ ਸੰਬੰਧ ਠੀਕ ਨਹੀਂ ਹਨ। ਤਜ਼ਾਕਿਸਤਾਨ, ਕੰਬੋਡੀਆ, ਫਿਲਪੀਂਸ, ਮਲੇਸ਼ੀਆ ਨਾਲ ਉਸ ਦੇ ਛੋਟੇ-ਮੋਟੇ ਵਿਵਾਦ ਹਨ ਤਾਂ ਕਈ ਦੇਸ਼ਾਂ ਨਾਲ ਤਾਂ ਤਣਾਅ ਜ਼ਿਆਦਾ ਹੈ। ਅਜਿਹੇ 'ਚ ਚੀਨ ਜਾਣਦਾ ਹੈ ਕਿ ਉਹ ਇਸ ਸਮੇਂ ਪੂਰੀ ਤਾਕਤ ਲਾ ਕੇ ਭਾਰਤ ਨਾਲ ਨਹੀਂ ਲੜ ਸਕਦਾ ਹੈ ਕਿਉਂਕਿ ਜੇਕਰ ਭਾਰਤ ਖਿਲਾਫ ਮੋਰਚਾ ਖੋਲ੍ਹਿਆ ਤਾਂ ਮੌਕੇ ਦੀ ਤਾਂਗ 'ਚ ਬੈਠੇ ਕਈ ਦੇਸ਼ ਇਸ ਦਾ ਫਾਇਦਾ ਚੁੱਕਣਗੇ। ਅਜਿਹੇ 'ਚ ਚੀਨ ਇਕੋ ਵੇਲੇ ਕਈ ਮੋਰਚਿਆਂ ਨਾਲ ਨਹੀਂ ਨਜਿੱਠ ਸਕਦਾ। ਚੀਨ ਦਾ ਜਿਨ੍ਹਾਂ ਤਾਕਤਵਰ ਦੇਸ਼ਾਂ ਨਾਲ ਵਿਵਾਦ ਹੈ, ਉਨ੍ਹਾਂ 'ਚ ਜਾਪਾਨ ਸਭ ਤੋਂ ਉੱਪਰ ਹੈ। ਵਿਸ਼ਵ ਯੁੱਧ ਤੋਂ ਲੈ ਕੇ ਅਜੇ ਤਕ ਚੀਨ ਦੇ ਜਾਪਾਨ ਨਾਲ ਸੰਬੰਧ ਤਣਾਅ ਵਾਲੇ ਹੀ ਹਨ। ਆਪਣੇ ਖੇਤਰ ਦਾ ਵਿਸਥਾਰ ਕਰਨ ਦੇ ਚੱਕਰ 'ਚ ਚੀਨ ਆਪਣੇ ਗੁਆਂਢੀ ਦੇਸ਼ਾਂ ਦੀ ਜ਼ਮੀਨ 'ਤੇ ਦਾਅਵਾ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਚੀਨ ਵੀਅਤਨਾਮ ਦੇ ਵੱਡੇ ਹਿੱਸੇ 'ਤੇ ਆਪਣਾ ਦਾਅਵਾ ਪ੍ਰਗਟਾ ਰਿਹਾ ਹੈ, ਉਸ ਨੂੰ ਉਹ ਵਨ ਚਾਇਨਾ ਨਾਮ ਦਿੰਦਾ ਹੈ। ਇਸੇ ਤਰ੍ਹਾਂ ਭੂਟਾਨ ਦੇ ਵੱਡੇ ਇਲਾਕੇ ਨੂੰ ਵੀ ਚੀਨ ਆਪਣਾ ਦੱਸਦਾ ਹੈ। ਚੀਨ ਨਾਲ ਤਾਜ਼ਾ ਵਿਵਾਦ ਵੀ ਭੂਟਾਨ ਦੇ ਹਿੱਸੇ 'ਚ ਚੀਨ ਵੱਲੋਂ ਸੜਕ ਬਣਾਉਣ ਦੇ ਬਾਅਦ ਸ਼ੁਰੂ ਹੋਇਆ ਹੈ। ਉੱਥੇ ਹੀ ਚੀਨ ਦਾ ਦਾਅਵਾ ਹੈ ਕਿ ਪੂਰਾ ਮੰਗੋਲੀਆ ਉਸ ਦਾ ਹੈ। ਕਜ਼ਾਕਿਸਤਾਨ ਦੇ ਕਈ ਹਿੱਸਿਆਂ 'ਤੇ ਵੀ ਚੀਨ ਆਪਣਾ ਦਾਅਵਾ ਪ੍ਰਗਟਾ ਰਿਹਾ ਹੈ। ਇਸੇ ਤਰ੍ਹਾਂ ਉਹ ਅਫਗਾਨਿਸਤਾਨ ਦੇ ਇਕ ਸੂਬੇ 'ਤੇ ਆਪਣਾ ਦਾਅਵਾ ਕਰਦਾ ਹੈ। ਇਨ੍ਹਾਂ ਸਭ ਦੇ ਚੱਲਦੇ ਚੀਨ ਦੇ ਰਿਸ਼ਤੇ ਇਨ੍ਹਾਂ ਦੇਸ਼ਾਂ ਨਾਲ ਠੀਕ ਨਹੀਂ ਹਨ।
ਵਨ ਬੈਲਟ ਵਨ ਰੋਡ
ਚੀਨ ਨੇ ਦੁਨੀਆ ਦੇ 60 ਤੋਂ ਵਧ ਦੇਸ਼ਾਂ ਨਾਲ ਸੜਕ ਮਾਰਗ ਜ਼ਰੀਏ ਵਪਾਰ ਵਧਾਉਣ ਦੇ ਸੁਪਨੇ ਪਾਲੇ ਹੋਏ ਹੈ। ਇਸ ਯੋਜਨਾ ਨੂੰ ਉਸ ਨੇ ਵਨ ਬੈਲਟ ਵਨ ਰੋਡ ਨਾਮ ਦਿੱਤਾ ਹੈ। ਇਸ ਯੋਜਨਾ 'ਤੇ ਚੀਨ 5 ਲੱਖ ਕਰੋੜ ਡਾਲਰ ਨਿਵੇਸ਼ ਕਰਨ ਦਾ ਟੀਚਾ ਰੱਖਿਆ ਹੈ। ਜੇਕਰ ਅਜਿਹੇ 'ਚ ਉਹ ਭਾਰਤ ਨਾਲ ਜੰਗ ਛੇੜਦਾ ਹੈ ਤਾਂ ਉਸ ਦਾ ਸੁਪਨਾ ਪੂਰਾ ਨਹੀਂ ਹੋ ਸਕੇਗਾ। ਕਈ ਦੇਸ਼ ਉਸ ਦੀ ਇਸ ਹਰਕਤ ਕਾਰਨ ਇਸ ਪ੍ਰਾਜੈਕਟ ਤੋਂ ਪਿੱਛੇ ਹੱਟ ਸਕਦੇ ਹਨ। 
ਕਰਜ਼ੇ ਦਾ ਵਧਦਾ ਬੋਝ
ਚੀਨ 'ਤੇ ਉਸ ਦੀ ਜੀ. ਡੀ. ਪੀ. ਦੀ ਤੁਲਨਾ 'ਚ 260 ਫੀਸਦੀ ਕਰਜ਼ਾ ਹੋ ਚੁੱਕਾ ਹੈ। ਤੇਜ਼ੀ ਨਾਲ ਵਧਦੇ ਕਰਜ਼ੇ ਦੇ ਮੱਦੇਨਜ਼ਰ ਰੇਟਿੰਗ ਏਜੰਸੀ ਮੂਡੀਜ਼ ਨੇ ਚੀਨ ਦੀ ਰੇਟਿੰਗ ਨੂੰ ਘਟਾ ਦਿੱਤਾ ਹੈ। ਰੇਟਿੰਗ 'ਚ ਇਹ ਗਿਰਾਵਟ 30 ਸਾਲ ਬਾਅਦ ਆਈ ਹੈ। ਰੇਟਿੰਗ 'ਚ ਗਿਰਾਵਟ ਦਾ ਮਤਲਬ ਹੈ ਕਿ ਚੀਨ ਦੀ ਸਾਖ ਕੌਮਾਂਤਰੀ ਪੱਧਰ 'ਤੇ ਘੱਟ ਹੋਈ ਹੈ। ਜੇਕਰ ਅਜਿਹੇ 'ਚ ਉਹ ਭਾਰਤ ਨਾਲ ਉਲਝਦਾ ਹੈ ਤਾਂ ਕੌਮਾਂਤਰੀ ਨਿਵੇਸ਼ਕ ਉਸ ਤੋਂ ਬਾਹਰ ਨਿਕਲਣਗੇ ਅਤੇ ਕਰਜ਼ੇ ਦਾ ਬੋਝ ਹੋਰ ਵਧ ਜਾਵੇਗਾ। 
ਭਾਰਤ ਨਾਲ ਹੈ ਵੱਡਾ ਕਾਰੋਬਾਰ
ਚੀਨ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਭਾਰਤ ਨਾਲ ਉਸ ਦਾ ਬਹੁਤ ਵੱਡਾ ਕਾਰੋਬਾਰ ਹੈ। ਭਾਰਤ ਨਾਲ ਵਪਾਰ ਕਾਰਨ ਚੀਨ ਬਹੁਤ ਫਾਇਦੇ 'ਚ ਹੈ। ਭਾਰਤ, ਚੀਨ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ। ਅਜਿਹੇ 'ਚ ਚੀਨ ਕਦੇ ਨਹੀਂ ਚਾਹੇਗਾ ਕਿ ਉਸ ਦਾ ਭਾਰਤ ਨਾਲ ਯੁੱਧ ਹੋਵੇ ਕਿਉਂਕਿ ਭਾਰਤ ਵਰਗਾ ਵੱਡਾ ਬਾਜ਼ਾਰ ਉਸ ਦੇ ਹੱਥਾਂ 'ਚੋਂ ਨਿਕਲ ਜਾਵੇਗਾ।