U.S. ਦੇ ਕਿਸਾਨਾਂ ਨੂੰ ਚੀਨ ਦੀ ਵੱਡੀ ਰਾਹਤ, ਖਤਮ ਹੋਵੇਗਾ ਟਰੇਡ 'ਤੇ ਵਿਵਾਦ!

09/14/2019 1:15:15 PM

ਬੀਜਿੰਗ— ਵਾਸ਼ਿੰਗਟਨ ਅਤੇ ਬੀਜਿੰਗ ਵਿਚਕਾਰ ਵਪਾਰਕ ਗੱਲਬਾਤ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਚੀਨ ਨੇ ਅਮਰੀਕੀ ਖੇਤੀਬਾੜੀ ਵਸਤਾਂ ਨੂੰ ਟੈਰਿਫ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ, ਜਿਸ 'ਚ ਯੂ. ਐੱਸ. ਤੋਂ ਦਰਾਮਦ ਹੋਣ ਵਾਲਾ ਸੋਇਆਬੀਨ ਵੀ ਸ਼ਾਮਲ ਹੈ। ਇਸ ਨਾਲ ਅਮਰੀਕੀ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਟੈਰਿਫ ਵਾਰ ਨਾਲ ਇਹ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
 

 

ਬੀਜਿੰਗ ਵੱਲੋਂ 16 ਤਰ੍ਹਾਂ ਦੇ ਯੂ. ਐੱਸ. ਪ੍ਰਾਡਕਟਸ ਨੂੰ ਟੈਰਿਫ ਤੋਂ ਮੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟੈਰਿਫ 'ਚ ਇਹ ਛੋਟ ਇਕ ਸਾਲ ਯਾਨੀ 16 ਸਤੰਬਰ 2020 ਤਕ ਲਾਗੂ ਰਹੇਗੀ।
ਜ਼ਿਕਰਯੋਗ ਹੈ ਕਿ ਯੂ. ਐੱਸ.-ਚੀਨ ਵਿਚਕਾਰ ਪਿਛਲੇ ਸਾਲ ਤੋਂ ਵਪਾਰ ਯੁੱਧ ਜਾਰੀ ਹੈ। ਹਾਲ ਹੀ 'ਚ ਟਰੰਪ ਨੇ 112 ਅਰਬ ਡਾਲਰ ਦੇ ਚਾਈਨਿਜ਼ ਮਾਲ 'ਤੇ 15 ਫੀਸਦੀ ਵਾਧੂ ਡਿਊਟੀ ਲਗਾਈ ਹੈ।

ਇਸ ਤੋਂ ਇਲਾਵਾ 1 ਅਕਤੂਬਰ ਤੋਂ 250 ਅਰਬ ਡਾਲਰ ਦੇ ਚੀਨੀ ਮਾਲ 'ਤੇ 5 ਫੀਸਦੀ ਡਿਊਟੀ ਹੋਰ ਵਧਣ ਵਾਲੀ ਸੀ, ਜੋ 15 ਅਕਤੂਬਰ ਤੱਕ ਲਈ ਟਾਲ ਦਿੱਤੀ ਗਈ ਹੈ। ਪਿਛਲੇ ਸਾਲ ਇਨ੍ਹਾਂ 'ਤੇ ਅਮਰੀਕਾ ਨੇ 25 ਫੀਸਦੀ ਡਿਊਟੀ ਲਗਾਈ ਸੀ। ਟਰੰਪ ਨੇ ਕਿਹਾ ਹੈ ਕਿ ਉਹ ਚੀਨ ਨਾਲ ਇਕ ਅੰਤਰਿਮ ਸਮਝੌਤਾ ਕਰਨ ਲਈ ਵਿਚਾਰ ਕਰ ਰਹੇ ਹਨ। ਹਾਲਾਂਕਿ ਜੇਕਰ ਗੱਲਬਾਤ ਜਲਦ ਕੋਈ ਸਿਰੇ ਨਹੀਂ ਲੱਗਦੀ ਤਾਂ ਯੂ. ਐੱਸ. 15 ਅਕਤੂਬਰ ਤੋਂ 250 ਅਰਬ ਡਾਲਰ ਦੇ ਚਾਈਨਿਜ਼ ਸਮਾਨਾਂ 'ਤੇ ਟੈਰਿਫ ਵਧਾ ਕੇ 30 ਫੀਸਦੀ ਕਰ ਸਕਦਾ ਹੈ।