ਸੋਨਾ ਹੋਇਆ ਸਸਤਾ, ਚਾਂਦੀ 'ਚ ਵੱਡੀ ਗਿਰਾਵਟ

07/09/2017 7:35:26 AM

ਨਵੀਂ ਦਿੱਲੀ— ਸੰਸਾਰਕ ਪੱਧਰ 'ਤੇ ਦੋਹਾਂ ਕੀਮਤੀ ਧਾਤਾਂ 'ਚ ਵੱਡੀ ਗਿਰਾਵਟ ਦਾ ਅਸਰ ਅੱਜ ਦਿੱਲੀ ਸਰਾਫਾ ਬਾਜ਼ਾਰ 'ਤੇ ਦਿੱਸਿਆ। ਜਿੱਥੇ ਸੋਨਾ 250 ਰੁਪਏ ਡਿੱਗ ਕੇ 28,900 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ, ਉੱਥੇ ਹੀ ਚਾਂਦੀ 800 ਰੁਪਏ ਦੀ ਵੱਡੀ ਗਿਰਾਵਟ ਨਾਲ 37,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਸਾਲ ਸੋਨੇ 'ਤੇ ਐਕਸਾਈਜ਼ ਡਿਊਟੀ ਲਗਾਏ ਜਾਣ ਦੇ ਵਿਰੋਧ 'ਚ ਦੇਸ਼ ਭਰ 'ਚ ਸਰਾਫਾ ਕਾਰੋਬਾਰੀਆਂ ਦੀ 42 ਦਿਨ ਦੀ ਹੜਤਾਲ ਦੇ ਬਾਅਦ ਇਹ ਪਹਿਲਾਂ ਮੌਕਾ ਹੈ ਜਦੋਂ ਚਾਂਦੀ 38 ਹਜ਼ਾਰ ਰੁਪਏ ਤੋਂ ਹੇਠਾਂ ਆਈ ਹੈ। 
ਕਾਰੋਬਾਰੀਆਂ ਨੇ 2 ਮਾਰਚ 2016 ਤੋਂ ਹੜਤਾਲ ਕੀਤੀ ਸੀ। ਹੜਤਾਲ ਤੋਂ ਪਹਿਲਾਂ 36,800 ਰੁਪਏ 'ਤੇ ਰਹੀ ਚਾਂਦੀ ਹੜਤਾਲ ਟੁੱਟਣ ਦੇ ਬਾਅਦ 38,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ ਸੀ ਅਤੇ ਅੱਜ ਪਹਿਲੀ ਵਾਰ 38 ਹਜ਼ਾਰ ਤੋਂ ਹੇਠਾਂ ਆਈ ਹੈ। 
ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰ ਬੰਦ ਹੋਣ ਦੇ ਬਾਅਦ ਵਿਦੇਸ਼ਾਂ 'ਚ ਸੋਨੇ-ਚਾਂਦੀ 'ਤੇ ਦਬਾਅ ਰਿਹਾ। ਸੋਨਾ ਇਕ ਫੀਸਦੀ ਅਤੇ ਚਾਂਦੀ ਤਕਰੀਬਨ ਤਿੰਨ ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਸੋਨਾ ਹਾਜ਼ਰ 12 ਡਾਲਰ ਟੁੱਟ ਕੇ 1,224.75 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 11.40 ਡਾਲਰ ਦੀ ਗਿਰਾਵਟ ਨਾਲ 1,211.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕਾ 'ਚ ਸ਼ੁੱਕਰਵਾਰ ਨੂੰ ਜਾਰੀ ਰੁਜ਼ਗਾਰ ਅੰਕੜੇ ਉਮੀਦ ਤੋਂ ਕਿਤੇ ਮਜ਼ਬੂਤ ਰਹਿਣ ਕਾਰਨ ਸੋਨੇ 'ਤੇ ਦਬਾਅ ਰਿਹਾ।