ICICI ਤੋਂ ਬਰਖਾਸਤੀ ਖਿਲਾਫ ਹਾਈਕੋਰਟ ਪੁੱਜੀ ਚੰਦਾ ਕੋਚਰ, ਕੀਤੀ ਇਹ ਮੰਗ

11/30/2019 11:08:51 AM

ਨਵੀਂ ਦਿੱਲੀ— ICICI ਬੈਂਕ ਦੀ ਸਾਬਕਾ ਸੀ. ਈ. ਓ. ਚੰਦਾ ਕੋਚਰ ਨੇ ਆਪਣੇ ਖਿਲਾਫ ਬੈਂਕ ਤੋਂ ਜਾਰੀ ਬਰਖਾਸਤੀ ਲੇਟਰ ਨੂੰ ਬੰਬਈ ਹਾਈਕੋਰਟ 'ਚ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਹਾਈਕੋਰਟ 'ਚ ਉਸ ਲੇਟਰ ਨੂੰ ਵੈਲਿਡ ਐਲਾਨੇ ਜਾਣ ਦੀ ਮੰਗ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਅਕਤੂਬਰ 2018 'ਚ ਜਲਦ ਸੇਵਾਮੁਕਤੀ ਲੈਣ ਦੀ ਅਪੀਲ ਕੀਤੀ ਸੀ ਤੇ ਬੈਂਕ ਨੇ ਇਹ ਸਵੀਕਾਰ ਵੀ ਕਰ ਲਿਆ ਸੀ।

 

ਜ਼ਿਕਰਯੋਗ ਹੈ ਕਿ ਬੈਂਕ ਦੀ ਕਰਜ਼ਦਾਰ ਕੰਪਨੀ ਵੀਡੀਓਕਾਨ ਇੰਡਸਟਰੀਜ਼ ਵੱਲੋਂ ਕੋਚਰ ਦੇ ਪਤੀ ਦੀ ਕੰਪਨੀ 'ਚ ਨਿਵੇਸ਼ ਨੂੰ ਲੈ ਕੇ ਗੜਬੜੀ ਦੇ ਦੋਸ਼ਾਂ ਤੋਂ ਬਾਅਦ ਚੰਦਾ ਕੋਚਰ ਨੇ ਪਿਛਲੇ ਸਾਲ ਅਕਤੂਬਰ 'ਚ ਅਸਤੀਫਾ ਦੇ ਦਿੱਤਾ ਸੀ। ICICI ਬੈਂਕ ਨੇ ਜਲਦ ਸੇਵਾਮੁਕਤ ਹੋਣ ਦੀ ਉਨ੍ਹਾਂ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਸੀ ਤੇ ਸੰਦੀਪ ਬਖਸ਼ੀ ਨੂੰ ਐੱਮ. ਡੀ. ਤੇ ਸੀ. ਈ. ਓ. ਨਿਯੁਕਤ ਕੀਤਾ ਸੀ।
ਇਸ ਸਾਲ ਫਰਵਰੀ 'ਚ ਚੰਦਾ ਕੋਚਰ ਨੂੰ ICICI ਬੈਂਕ ਤੋਂ ਇਕ ਪੱਤਰ ਮਿਲਿਆ ਜਿਸ 'ਚ ਕਿਹਾ ਗਿਆ ਕਿ ਉਨ੍ਹਾਂ (ਚੰਦਾ ਕੋਚਰ) ਨੂੰ ਉਨ੍ਹਾਂ ਵਿਰੁੱਧ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਉਨ੍ਹਾਂ ਨੂੰ ਬਰਖਾਸਤ ਕਰਨ ਦੇ ਨਾਲ ਬੈਂਕ ਨੇ ਉਨ੍ਹਾਂ ਨੂੰ 2008 ਤੋਂ ਮਿਲਣ ਵਾਲੇ ਸਾਰੇ ਲਾਭਾਂ ਨੂੰ ਵੀ ਰੱਦ ਕਰ ਦਿੱਤਾ ਹੈ। ਇਸ 'ਤੇ ਚੰਦਾ ਕੋਚਰ ਦਾ ਤਰਕ ਹੈ ਕਿ ਇਕ ਵਾਰ ਜਦੋਂ ਬੈਂਕ ਸੇਵਾਮੁਕਤੀ ਨੂੰ ਸਵੀਕਾਰ ਲੈਂਦਾ ਹੈ, ਤਾਂ ਉਸ ਨੂੰ ਬਰਖਾਸਤ ਨਹੀਂ ਕੀਤਾ ਜਾ ਸਕਦਾ ਤੇ ਮਿਲਣ ਵਾਲੇ ਫਾਇਦੇ ਨਹੀਂ ਰੋਕੇ ਜਾ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਬੈਂਕ ਵੱਲੋਂ ਬਰਖਾਸਤ ਕੀਤਾ ਗਿਆ ਉਦੋਂ ਉਹ ਬੈਂਕ ਦੀ ਕਰਮਚਾਰੀ ਹੀ ਨਹੀਂ ਸੀ। ਉੱਥੇ ਹੀ, ਜਸਟਿਸ ਰਣਜੀਤ ਮੋਰੇ ਅਤੇ ਐੱਮ. ਐੱਸ. ਕਾਰਨਿਕ ਦੀ ਬੈਂਚ ਨੇ ਇਸ ਮਾਮਲੇ 'ਚ ਸੁਣਵਾਈ ਦੀ ਤਰੀਕ 2 ਦਸੰਬਰ ਨਿਰਧਾਰਤ ਕੀਤੀ ਹੈ।