ਕੇਂਦਰ ਦੁੱਧ ਉਤਪਾਦਕਾਂ ਦੀ ਆਮਦਨ ਵਧਾਉਣ ਲਈ ਕਦਮ ਚੁੱਕ ਰਿਹਾ ਹੈ : ਗਡਕਰੀ

07/18/2018 11:20:23 AM

ਨਵੀਂ ਦਿੱਲੀ—ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੇਂਦਰ ਡੇਅਰੀ ਉਤਪਾਦਾਂ ਦੀ ਬਰਾਮਦ ਵਧਾਉਣ ਲਈ 10 ਫੀਸਦੀ ਪ੍ਰੋਤਸਾਹਨ ਦੇਵੇਗਾ। ਨਾਲ ਹੀ ਦੁਪਹਿਰ ਦੇ ਭੋਜਨ ਅਤੇ ਆਂਗਨਵਾੜੀ ਯੋਜਨਾ ਦੇ ਰਾਹੀਂ ਦੁੱਧ ਵੰਡ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਭ ਦਾ ਮਕਸਦ ਡੇਅਰੀ ਨਾਲ ਜੁੜੇ ਕਿਸਾਨਾਂ ਨੂੰ ਵਧੀਆ ਰਿਟਰਨ ਦਿਵਾਉਣਾ ਸੁਨਿਸ਼ਚਿਤ ਕਰਨਾ ਹੈ।  
ਮਹਾਰਾਸ਼ਟਰ 'ਚ ਦੁੱਧ ਦਾ ਖਰੀਦ ਮੁੱਲ ਵਧਾਉਣ ਅਤੇ 5 ਰੁਪਏ ਪ੍ਰਤੀ ਲੀਟਲ ਸਬਸਿਡੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਗਡਕਰੀ ਨੇ ਇਹ ਗੱਲ ਕਹੀ। ਸੜਕ ਆਵਾਜਾਈ, ਰਾਜਮਾਰਗ, ਪੋਤ ਟਰਾਂਸਪੋਰਟ ਅਤੇ ਜਲ ਸਰੋਤ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਡੇਅਰੀ ਉਤਪਾਦਾਂ ਦੀ ਦਰਾਮਦ ਹੁੰਦੀ ਹੈ ਤਾਂ ਉਸ ਨੂੰ ਰੋਕਿਆ ਜਾਵੇਗਾ। ਨਾਲ ਹੀ ਸਰਕਾਰ ਨਿਰਯਾਤ ਲਈ ਡੇਅਰੀ ਉਤਪਾਦਾਂ ਨੂੰ ਸਹਾਇਤਾ ਉਪਲੱਬਧ ਕਰਵਾਉਣ 'ਤੇ ਵੀ ਵਿਚਾਰ ਕਰ ਰਹੀ ਹੈ।
ਵਿੱਤ ਮੰਤਰੀ ਪੀਊਸ਼ ਗੋਇਲ ਅਤੇ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਦੇ ਨਾਲ ਮੀਟਿੰਗ ਤੋਂ ਬਾਅਦ ਗਡਕਰੀ ਨੇ ਕਿਹਾ ਗੁਜਰਾਤ ਅਤੇ ਮਹਾਰਾਸ਼ਟਰ ਸਰਕਾਰਾਂ ਨੇ ਦੁੱਧ ਪਾਊਡਰ 'ਤੇ ਸਬਸਿਡੀ ਵਰਗੇ ਉਪਾਵਾਂ ਦਾ ਐਲਾਨ ਕੀਤਾ ਹੈ। ਹੋਰ ਸੂਬਿਆਂ ਨੂੰ ਵੀ ਇਸਦੀ ਨਕਲ ਕਰਨੀ ਚਾਹੀਦੀ। ਗਡਕਰੀ ਨੇ ਵਿਰੋਧ ਕਰ ਰਹੇ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਵਧੀਆ ਰਿਟਰਨ ਲਈ ਡੇਅਰੀ ਉਤਪਾਦਾਂ ਦੀ ਬਰਾਮਦ ਵਧਾਉਣ ਲਈ ਕਦਮ ਚੁੱਕ ਰਹੀ ਹੈ।