ਕੇਂਦਰ ਨੇ ਸ਼ੁਰੂ ਕੀਤੀ ਕਣਕ ਦੀ ਖਰੀਦ, ਜਾਣੋ ਕਿੰਨਾ ਹੈ MSP

Tuesday, Apr 10, 2018 - 03:53 PM (IST)

ਨਵੀਂ ਦਿੱਲੀ— ਸਰਕਾਰ ਨੇ ਕਿਸਾਨਾਂ ਕੋਲੋਂ ਕਣਕ ਦੀ ਨਵੀਂ ਖਰੀਦ ਸ਼ੁਰੂ ਕਰ ਦਿੱਤੀ ਹੈ ਅਤੇ ਚਾਲੂ ਮਾਰਕੀਟਿੰਗ ਸਾਲ 'ਚ ਹੁਣ ਤਕ 19.31 ਲੱਖ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਸਰਕਾਰ ਨੇ ਮਾਰਕੀਟਿੰਗ ਸਾਲ 2018-19 ਲਈ 320 ਲੱਖ ਟਨ ਕਣਕ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਸਰਕਾਰੀ ਏਜੰਸੀ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਵੱਲੋਂ 308 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਕਣਕ ਦਾ ਮਾਰਕੀਟਿੰਗ ਸਾਲ ਅਪ੍ਰੈਲ ਮਹੀਨੇ ਤੋਂ ਲੈ ਕੇ ਅਗਲੇ ਸਾਲ ਮਾਰਚ ਤਕ ਦਾ ਹੁੰਦਾ ਹੈ ਪਰ ਇਸ ਦੀ ਜ਼ਿਆਦਾਤਰ ਖਰੀਦ ਪਹਿਲੇ ਤਿੰਨ ਮਹੀਨਿਆਂ 'ਚ ਹੁੰਦੀ ਹੈ। ਸਰਕਾਰ ਵੱਲੋਂ ਐੱਫ. ਸੀ. ਆਈ. ਅਤੇ ਸਰਕਾਰੀ ਏਜੰਸੀਆਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਇਹ ਖਰੀਦ ਕਰਦੀਆਂ ਹਨ। ਇਸ ਵਾਰ ਕਣਕ ਦਾ ਐੱਮ. ਐੱਸ. ਪੀ. 1735 ਰੁਪਏ ਪ੍ਰਤੀ ਕੁਇੰਟਲ ਹੈ।

ਮੌਜੂਦਾ ਸਮੇਂ ਮੱਧ ਪ੍ਰਦੇਸ਼, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਜ਼ਿਆਦਾਤਰ ਖਰੀਦ ਹੋ ਰਹੀ ਹੈ ਕਿਉਂਕਿ ਇਨ੍ਹਾਂ ਸੂਬਿਆਂ 'ਚ ਨਵੀਂ ਕਣਕ ਦਾ ਆਉਣਾ ਪੂਰੇ ਜ਼ੋਰਾਂ 'ਤੇ ਹੈ। ਆਉਣ ਵਾਲੇ ਮਹੀਨਿਆਂ 'ਚ ਪੰਜਾਬ 'ਚ ਖਰੀਦ ਵਧਣ ਦੀ ਉਮੀਦ ਹੈ। ਪੰਜਾਬ ਤੋਂ ਸਰਕਾਰ ਦਾ ਉਦੇਸ਼ 119 ਲੱਖ ਟਨ ਕਣਕ ਖਰੀਦਣ ਦਾ ਹੈ। ਇਸ ਸਾਲ ਹੁਣ ਤਕ ਐੱਫ. ਸੀ. ਆਈ. ਨੇ 14,183 ਟਨ ਕਣਕ ਦੀ ਖਰੀਦ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ ਖਰੀਦ 10,644 ਟਨ ਰਹੀ ਸੀ।
ਉੱਥੇ ਹੀ, ਐੱਫ. ਸੀ. ਆਈ. ਨੇ ਹੁਣ ਤਕ ਹਰਿਆਣਾ 'ਚ 69,122 ਟਨ ਕਣਕ ਖਰੀਦੀ ਹੈ, ਜੋ ਸਾਲ ਭਰ ਪਹਿਲਾਂ ਦੀ ਇਸੇ ਮਿਆਦ ਦੇ 3,178 ਟਨ ਦੀ ਖਰੀਦ ਤੋਂ ਕਾਫੀ ਜ਼ਿਆਦਾ ਹੈ। ਇਸ ਦੇ ਇਲਾਵਾ ਰਾਜਸਥਾਨ 'ਚ ਕਣਕ ਦੀ ਖਰੀਦ 16,248 ਟਨ ਤੋਂ ਵਧ ਕੇ 60,678 ਟਨ ਹੋ ਗਈ, ਜਦੋਂ ਕਿ ਗੁਜਰਾਤ 'ਚ ਕਣਕ ਖਰੀਦ 1,145 ਟਨ ਤੋਂ ਵਧ ਕੇ 10,944 ਟਨ ਹੋ ਗਈ ਹੈ। ਫਰਵਰੀ 'ਚ ਜਾਰੀ ਕੀਤੇ ਗਏ ਦੂਜੇ ਅਨੁਮਾਨ 'ਚ ਸਰਕਾਰ ਨੇ ਕਣਕ ਉਤਪਾਦਨ ਥੋੜ੍ਹਾ ਘੱਟ ਰਹਿਣ ਦਾ ਅੰਦਾਜ਼ਾ ਜਤਾਇਆ ਸੀ। ਅਨੁਮਾਨ 'ਚ 9.71 ਕਰੋੜ ਟਨ ਕਣਕ ਦੀ ਪੈਦਾਵਾਰ ਹੋਣ ਦਾ ਅੰਦਾਜ਼ਾ ਪ੍ਰਗਟ ਕੀਤਾ ਗਿਆ ਸੀ, ਜਦੋਂ ਕਿ ਪਿਛਲੇ ਸਾਲ ਦੇਸ਼ 'ਚ 9.85 ਕਰੋੜ ਟਨ ਕਣਕ ਦਾ ਉਤਪਾਦਨ ਹੋਇਆ ਸੀ।


Related News