ਘਰ ਬਣਾਉਣਾ ਹੋਵੇਗਾ ਹੋਰ ਮਹਿੰਗਾ, ਵਧਣਗੇ ਸੀਮੈਂਟ ਦੇ ਰੇਟ

04/10/2022 3:44:33 PM

ਨਵੀਂ ਦਿੱਲੀ (ਅਨਸ) – ਵਧਦੀ ਮੰਗ ਦਰਮਿਆਨ ਕੱਚੇ ਮਾਲ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਸੀਮੈਂਟ ਦੇ ਰੇਟ ’ਚ ਹਾਲੇ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਮੋਤੀਲਾਲ ਓਸਵਾਲ ਵਿੱਤੀ ਸਰਵਿਸਿਜ਼ ਮੁਤਾਬਕ ਬੀਤੇ ਮਹੀਨੇ ਸੀਮੈਂਟ ਦੀਆਂ ਕੀਮਤਾਂ ’ਚ ਮਾਸਿਕ ਆਧਾਰ ’ਤੇ ਦੋ ਤੋਂ ਤਿੰਨ ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ।

ਹਾਲਾਂਕਿ ਸਾਲ ਦੇ ਅਖੀਰ ’ਚ ਟੀਚੇ ਦੀ ਪੂਰਤੀ ਲਈ ਸੀਮੈਂਟ ਦੇ ਉਤਪਾਦਨ ’ਚ ਤੇਜ਼ੀ ਵੀ ਲਿਆਂਦੀ ਗਈ ਸੀ ਪਰ ਇਸੇ ਨਾਲ ਵੀ ਸੀਮੈਂਟ ਦੇ ਰੇਟ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਿਆ। ਕੰਪਨੀ ਨੇ ਦੱਸਿਆ ਕਿ ਡੀਲਰਸ ਨਾਲ ਕੀਤੀ ਗਈ ਗੱਲਬਾਤ ਤੋਂ ਇਹ ਪਤਾ ਲੱਗਾ ਹੈ ਕਿ ਦੱਖਣ ਅਤੇ ਮੱਧ ਭਾਰਤ ’ਚ ਸੀਮੈਂਟ ਦੀਆਂ ਕੀਮਤਾਂ ’ਚ ਪ੍ਰਤੀ ਬੋਰੀ 15 ਤੋਂ 20 ਰੁਪਏ ਦੀ ਤੇਜ਼ੀ ਰਹੀ, ਜਦ ਕਿ ਪੂਰਬੀ, ਉੱਤਰੀ ਅਤੇ ਪੱਛਮੀ ਖੇਤਰਾਂ ’ਚ ਸੀਮੈਂਟ ਦੇ ਰੇਟ ਪ੍ਰਤੀ ਬੋਰੀ 5 ਤੋਂ 10 ਰੁਪਏ ਵਧੇ।

ਕੰਪਨੀ ਦਾ ਕਹਿਣਾ ਹੈ ਕਿ ਸੀਮੈਂਟ ਕੰਪਨੀਆਂ ਕੱਚੇ ਮਾਲ ਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਸ ਦਾ ਬੋਝ ਗਾਹਕਾਂ ’ਤੇ ਪਾਉਣਗੀਆਂ, ਜਿਸ ਨਾਲ ਸੀਮੈਂਟ ਦੇ ਰੇਟ ਤੇਜ਼ ਹੋਣਗੇ। ਕੋਲੇ ਅਤੇ ਪੈਟਰੋਲੀਅਮ ਕੋਕ ਦੀਆਂ ਵਧੀਆਂ ਕੀਮਤਾਂ ਦਾ ਪ੍ਰਭਾਵ ਅਪ੍ਰੈਲ 2022 ਤੋਂ ਊਰਜਾ ਦੀਆਂ ਕੀਮਤਾਂ ’ਤੇ ਦਿਖਾਈ ਦੇਵੇਗਾ। ਪਿਛਲੇ ਕੁੱਝ ਦਿਨਾਂ ਤੋਂ ਡੀਜ਼ਲ ਦੇ ਰੇਟ ਵੀ ਵਧ ਰਹੇ ਹਨ, ਜਿਸ ਨਾਲ ਮਾਲ ਢੁਆਈ ਦੀ ਲਾਗਤ ਵਧ ਗਈ ਹੈ। ਸੀਮੈਂਟ ਕੰਪਨੀਆਂ ਨੇ ਪੂਰੇ ਦੇਸ਼ ’ਚ ਅਪ੍ਰੈਲ ਤੋਂ ਸੀਮੈਂਟ ਦੀ ਹਰ ਬੋਰੀ ’ਤੇ 40 ਤੋਂ 50 ਰੁਪਏ ਵਧਾਉਣ ਦੇ ਸੰਕੇਤ ਦਿੱਤੇ ਹਨ। ਜਨਵਰੀ ਅਤੇ ਫਰਵਰੀ ’ਚ ਸੁਸਤੀ ਤੋਂ ਬਾਅਦ ਮਾਰਚ ’ਚ ਸੀਮੈਂਟ ਦੀ ਮੰਗ ’ਚ ਸੁਧਾਰ ਆਇਆ। ਅਸਲ ਮੰਗ ਰੁਝਾਨ ਦਾ ਪਤਾ ਅਪ੍ਰੈਲ ਦੇ ਅੱਧ ’ਚ ਹੀ ਲੱਗੇਗਾ।

Harinder Kaur

This news is Content Editor Harinder Kaur