ਸੀਮੈਂਟ ਦੀ ਮੰਗ 30 ਫੀਸਦੀ ਤੱਕ ਡਿੱਗਣ ਦਾ ਖਦਸ਼ਾ

05/19/2020 1:50:20 AM

ਨਵੀਂ ਦਿੱਲੀ (ਯੂ. ਐੱਨ. ਆਈ.)-'ਕੋਵਿਡ-19' ਮਹਾਮਾਰੀ ਅਤੇ ਲਾਕਡਾਊਨ ਕਾਰਣ ਦੇਸ਼ 'ਚ ਸੀਮੈਂਟ ਦੀ ਮੰਗ ਚਾਲੂ ਵਿੱਤੀ ਸਾਲ 'ਚ 30 ਫੀਸਦੀ ਤੱਕ ਘੱਟ ਸਕਦੀ ਹੈ। ਸਾਖ ਨਿਰਧਾਰਕ ਅਤੇ ਬਾਜ਼ਾਰ ਅਧਿਐਨ ਕੰਪਨੀ ਕ੍ਰਿਸਿਲ ਨੇ ਅੱਜ ਜਾਰੀ ਇਕ ਸਰਵੇ ਰਿਪੋਰਟ 'ਚ ਇਹ ਗੱਲ ਕਹੀ। ਉਸ ਨੇ 13 ਸੂਬਿਆਂ ਦੇ ਵੱਡੇ ਅਤੇ ਮਝੌਲੇ ਸ਼ਹਿਰਾਂ 'ਚ ਸਰਵੇ ਦੇ ਆਧਾਰ 'ਤੇ ਕਿਹਾ ਹੈ ਕਿ ਜ਼ਿਆਦਾਤਰ ਸੀਮੈਂਟ ਡੀਲਰ ਵਿਕਰੀ 'ਚ ਕਮੀ, ਨਕਦੀ ਦੀ ਕਿੱਲਤ ਅਤੇ ਬਾਕੀ ਭੁਗਤਾਨ ਮਿਲਣ 'ਚ ਦੇਰੀ ਦਾ ਖਦਸ਼ਾ ਜਤਾ ਰਹੇ ਹਨ।

ਸਰਵੇ 'ਚ ਹਿੱਸਾ ਲੈਣ ਵਾਲੇ 93 ਫੀਸਦੀ ਡੀਲਰਾਂ ਦਾ ਮੰਨਣਾ ਹੈ ਕਿ ਲਾਕਡਾਊਨ ਮਈ 'ਚ ਹਟਾਏ ਜਾਣ ਦੀ ਹਾਲਤ 'ਚ ਵਿਕਰੀ 'ਚ 10 ਤੋਂ 30 ਫੀਸਦੀ ਦੇ ਵਿਚਕਾਰ ਗਿਰਾਵਟ ਆ ਸਕਦੀ ਹੈ। ਇਹ ਸਰਵੇ ਉਦੋਂ ਕਰਵਾਇਆ ਗਿਆ ਸੀ ਜਦੋਂ ਇਹ ਸਪੱਸ਼ਟ ਨਹੀਂ ਸੀ ਕਿ ਲਾਕਡਾਊਨ ਦਾ ਚੌਥਾ ਪੜਾਅ ਕਦੋਂ ਤੱਕ ਰਹੇਗਾ। ਗ੍ਰਹਿ ਮੰਤਰਾਲਾ ਨੇ ਦੱਸਿਆ ਹੈ ਕਿ ਲਾਕਡਾਊਨ ਦਾ ਚੌਥਾ ਪੜਾਅ 18 ਮਈ ਤੋਂ 31 ਮਈ ਤੱਕ ਜਾਰੀ ਰਹੇਗਾ। ਦੂਜੇ ਪਾਸੇ 70 ਤੋਂ 80 ਫੀਸਦੀ ਡੀਲਰਾਂ ਨੇ ਖਦਸ਼ਾ ਜਤਾਇਆ ਹੈ ਕਿ ਵਿਅਕਤੀਗਤ ਬਿਲਡਰ ਇਸ ਸਮੇਂ ਜੋਖਮ ਨਹੀਂ ਲੈਣ ਚਾਹੁਣਗੇ ਅਤੇ ਇਸ ਲਈ ਨੁਕਸਾਨ ਚੁੱਕਣ, ਮਜ਼ਦੂਰਾਂ ਦੀ ਕਮੀ ਅਤੇ ਅਰਥਵਿਵਸਥਾ ਨੂੰ ਲੈ ਕੇ ਅਨਿਸ਼ਚਿਤਤਾ ਦੇ ਡਰੋਂ ਫਿਲਹਾਲ ਉਹ ਕੋਈ ਨਵੀਂ ਉਸਾਰੀ ਸ਼ੁਰੂ ਨਹੀਂ ਕਰਨਗੇ। ਇਨਵੈਂਟਰੀ ਨੂੰ ਲੈ ਕੇ 60 ਫੀਸਦੀ ਡੀਲਰਾਂ ਨੇ ਕਿਹਾ ਹੈ ਕਿ ਉਨ੍ਹਾਂ ਕੋਲ 2-4 ਦਿਨ ਦਾ ਹੀ ਸਟਾਕ ਹੈ, ਇਸ ਦੇ ਬਾਵਜੂਦ ਸੀਮੈਂਟ ਦੇ ਖਰਾਬ ਹੋਣ ਦਾ ਡਰ ਬਣਿਆ ਹੋਇਆ ਹੈ।

Karan Kumar

This news is Content Editor Karan Kumar