CBDT ਨੇ ਜੁਰਮਾਨਾ ਭਰ ਕੇ ਆਮਦਨ ਟੈਕਸ ਅਪਰਾਧਾਂ ਦੇ ਨਿਪਟਾਰੇ ਦੀ ਯੋਜਨਾ ਦੀ ਸਮਾਂ-ਹੱਦ 31 ਜਨਵਰੀ ਕੀਤੀ

01/04/2020 2:00:23 AM

ਨਵੀਂ ਦਿੱਲੀ (ਭਾਸ਼ਾ)-ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਨੇ ਆਮਦਨ ਕਰਦਾਤਿਆਂ ਨੂੰ ਜੁਰਮਾਨਾ ਦੇ ਕੇ ਆਪਣੇ ਟੈਕਸ ਅਪਰਾਧ ਦਾ ਨਿਪਟਾਰਾ ਕਰਵਾਉਣ ਦੇ ਮੌਕੇ ਦੀ ਸਮਾਂ-ਹੱਦ 31 ਜਨਵਰੀ ਤੱਕ ਵਧਾ ਦਿੱਤੀ ਹੈ। ਇਹ ਮੌਕਾ ‘ਇਕ ਵਾਰ’ ਲਈ ਹੈ। ਇਸ ਤੋਂ ਪਹਿਲਾਂ ਇਹ ਸਹੂਲਤ 31 ਦਸੰਬਰ 2019 ਤੱਕ ਖੁੱਲ੍ਹੀ ਸੀ।

ਸੀ. ਬੀ. ਡੀ. ਟੀ. ਨੇ ਹੁਕਮ ਜਾਰੀ ਕਰ ਕੇ ਕਿਹਾ ਕਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟਸ ਆਫ ਇੰਡੀਆ (ਆਈ. ਸੀ. ਏ. ਆਈ.) ਦੀਆਂ ਖੇਤਰੀ ਬਰਾਂਚਾਂ ਅਤੇ ਹੋਰ ਸੰਗਠਨਾਂ ਦੀ ਸਲਾਹ ’ਤੇ ਸਮਾਂ-ਹੱਦ ਵਧਾਉਣ ਦਾ ਇਹ ਫ਼ੈਸਲਾ ਲਿਆ ਗਿਆ ਹੈ। ਸੀ. ਬੀ. ਡੀ. ਟੀ. ਨੂੰ ਦੱਸਿਆ ਗਿਆ ਸੀ ਕਿ ਕੁਝ ਦਿੱਕਤਾਂ ਕਾਰਣ ਕਰਦਾਤਾ ਇਸ ਯੋਜਨਾ ਦਾ ਲਾਭ ਨਹੀਂ ਉਠਾ ਸਕੇ ਹਨ। ਸੀ. ਬੀ. ਡੀ. ਟੀ. ਨੇ ਕਿਹਾ ਹੈ ਕਿ ਅਜਿਹੇ ਕਰਦਾਤਿਆਂ ਨੂੰ ਫਾਇਦਾ ਦੇਣ ਅਤੇ ਅਦਾਲਤਾਂ ਦੇ ਸਾਹਮਣੇ ਮੁਕੱਦਮਿਆਂ ਦਾ ਬੋਝ ਘੱਟ ਕਰਨ ਲਈ ਕੰਪਾਊਂਡਿੰਗ (ਜੁਰਮਾਨਾ ਲੈ ਕੇ ਅਪਰਾਧ ਖਤਮ ਕਰਨ) ਦੀ ਸਹੂਲਤ ਦੀ ਸਮਾਂ-ਹੱਦ ਵਧਾਉਣ ਦਾ ਫੈਸਲਾ ਲਿਆ ਗਿਆ ਹੈ।

Karan Kumar

This news is Content Editor Karan Kumar