ਫੋਰਟਿਸ ਹੈਲਥਕੇਅਰ ਮਾਮਲੇ ’ਚ SEBI ਨੇ 4 ਕੰਪਨੀਆਂ ਨੂੰ 4.56 ਕਰੋੜ ਰੁਪਏ ਦਾ ਭੇਜਿਆ ਨੋਟਿਸ

06/15/2023 10:33:18 AM

ਨਵੀਂ ਦਿੱਲੀ (ਭਾਸ਼ਾ) - ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਫੋਰਟਿਸ ਹੈਲਥਕੇਅਰ ’ਚ ਪੈਸੇ ਦੀ ਹੇਰਾਫੇਰੀ ਅਤੇ ਇਸ ਨੂੰ ਲੁਕਾਉਣ ਲਈ ਗ਼ਲਤ ਬਿਆਨਬਾਜ਼ੀ ਦੇ ਮਾਮਲੇ ’ਚ 4 ਕੰਪਨੀਆਂ ਨੂੰ 15 ਦਿਨਾਂ ਦੇ ਅੰਦਰ 4.56 ਕਰੋੜ ਰੁਪਏ ਜਮ੍ਹਾ ਕਰਨ ਦਾ ਨੋਟਿਸ ਭੇਜਿਆ ਹੈ। ਦੱਸ ਦੇਈਏ ਕਿ ਮਾਰਕੀਟ ਰੈਗੂਲੇਟਰ ਸੇਬੀ ਨੇ ਫੋਰਟਿਸ ਗਲੋਬਲ ਹੈਲਥਕੇਅਰ, ਆਰ. ਐੱਚ. ਸੀ. ਫਾਈਨਾਂਸ, ਸ਼ਿਮਲ ਹੈਲਥਕੇਅਰ ਅਤੇ ਏ. ਐੱਨ. ਆਰ. ਸਕਿਓਰਿਟੀਜ਼ ਨੂੰ ਨੋਟਿਸ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਕਾਕਪਿਟ 'ਚ ਮਹਿਲਾ ਦੋਸਤ ਨੂੰ ਬੁਲਾਉਣਾ ਪਿਆ ਮਹਿੰਗਾ, ਏਅਰ ਇੰਡੀਆ ਦੇ ਦੋ ਪਾਇਲਟਾਂ ਖ਼ਿਲਾਫ਼ ਸਖ਼ਤ ਕਾਰਵਾਈ

ਸੇਬੀ ਨੇ ਨਾਲ ਹੀ ਕਿਹਾ ਹੈ ਕਿ ਤੈਅ ਸਮੇਂ ਦੇ ਅੰਦਰ ਰੁਪਇਆ ਜਮ੍ਹਾ ਨਾ ਹੋਣ ’ਤੇ ਇਨ੍ਹਾਂ ਕੰਪਨੀਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਜਾਣਗੀਆਂ। ਕੰਪਨੀਆਂ ਨੂੰ ਇਹ ਨੋਟਿਸ ਸੇਬੀ ਵਲੋਂ ਉਨ੍ਹਾਂ ’ਤੇ ਮਈ 2022 ਵਿਚ ਲਗਾਏ ਗਏ ਜੁਰਮਾਨੇ ਨੂੰ ਨਾ ਅਦਾ ਕਰਨ ’ਤੇ ਭੇਜਿਆ ਗਿਆ ਹੈ। ਸੇਬੀ ਨੇ ਬੀਤੀ 9 ਜੂਨ ਨੂੰ ਭੇਜੇ ਆਪਣੇ ਨੋਟਿਸ ’ਚ ਕੰਪਨੀਆਂ ਨੂੰ 15 ਦਿਨਾਂ ਦੇ ਅੰਦਰ 4.56 ਕਰੋੜ ਰੁਪਏ ਜਮ੍ਹਾ ਕਰਨ ਲਈ ਕਿਹਾ ਹੈ। ਇਸ ’ਚ ਮੁਆਵਜ਼ਾ ਦੀ ਰਕਮ ਦੇ ਨਾਲ ਵਿਆਜ ਵੀ ਸ਼ਾਮਲ ਹੈ। ਬਕਾਇਆ ਜਮ੍ਹਾ ਨਾ ਕਰਨ ’ਤੇ ਸੇਬੀ ਕੰਪਨੀਆਂ ਦੀਆਂ ਚੱਲ-ਅਚੱਲ ਜਾਇਦਾਦਾਂ ਨੂੰ ਜ਼ਬਤ ਕਰ ਕੇ ਉਨ੍ਹਾਂ ਦੀ ਨਿਲਾਮੀ ਕਰ ਕੇ ਰਕਮ ਦੀ ਵਸੂਲੀ ਕਰੇਗੀ।

ਇਹ ਵੀ ਪੜ੍ਹੋ : MRF ਨੇ ਬਣਾਇਆ ਰਿਕਾਰਡ, 1 ਲੱਖ ਰੁਪਏ ਦਾ ਅੰਕੜਾ ਪਾਰ ਕਰਨ ਵਾਲਾ ਭਾਰਤ ਦਾ ਪਹਿਲਾ ਸਟਾਕ ਬਣਿਆ

ਬੈਂਕ ਖਾਤਿਆਂ ਨੂੰ ਵੀ ਕੀਤਾ ਜਾਏਗਾ ਜ਼ਬਤ
ਇਸ ਤੋਂ ਇਲਾਵਾ ਕੰਪਨੀਆਂ ਦੇ ਬੈਂਕ ਖਾਤਿਆਂ ਨੂੰ ਵੀ ਜ਼ਬਤ ਕਰ ਲਿਆ ਜਾਏਗਾ। ਮਾਰਕੀਟ ਰੈਗੂਲੇਟਰ ਨੇ ਰਕਮ ਦੀ ਭਰਪਾਈ ਲਈ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਹਿਰਾਸਤ ’ਚ ਲੈਣ ਦਾ ਬਦਲ ਵੀ ਰੱਖਿਆ ਹੈ। ਸੇਬੀ ਨੇ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਫੰਡ ਦੀ ਹੇਰਾਫੇਰੀ ਕਰਨ ਅਤੇ ਧੋਖਾਦੇਹੀ ਨੂੰ ਲੁਕਾਉਣ ਨਾਲ ਸਬੰਧਤ ਇਕ ਮਾਮਲੇ ’ਚ ਮਈ, 2022 ਵਿਚ ਇਨ੍ਹਾਂ ਚਾਰ ਕੰਪਨੀਆਂ ਸਮੇਤ 32 ਫਰਮਾਂ ’ਤੇ 38.75 ਕਰੋੜ ਦਾ ਜੁਰਮਾਨਾ ਲਗਾਇਆ ਸੀ। ਚਾਰੇ ਕੰਪਨੀਆਂ ’ਤੇ ਇਕ-ਇਕ ਕਰੋੜ ਰੁਪਏ ਦਾ ਜੁਰਮਾਨਾ ਲੱਗਾ ਸੀ। ਇਹ ਜੁਰਮਾਨਾ ਐੱਫ. ਐੱਚ. ਐੱਲ. ਦੇ ਫੰਡ ਨੂੰ ਆਰ. ਐੱਚ. ਸੀ. ਹੋਲਡਿੰਗ ਦੇ ਖਾਤੇ ’ਚ ਭੇਜਣ ਲਈ ਅਣਉਚਿੱਤ ਤਰੀਕੇ ਅਪਣਾਉਣ ’ਤੇ ਲਗਾਇਆ ਗਿਆ ਹੈ। ਇਸ ਦੌਰਾਨ ਕਰੀਬ 397 ਕਰੋੜ ਰੁਪਏ ਦੀ ਰਾਸ਼ੀ ਦੀ ਹੇਰਾਫੇਰੀ ਕੀਤੀ ਗਈ ਸੀ।

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 

rajwinder kaur

This news is Content Editor rajwinder kaur