ਸਮੇਂ ''ਤੇ ਨਹੀਂ ਕੀਤੀ ਕਾਰ ਡਲਿਵਰ, ਸ਼ੋਅ-ਰੂਮ ਮਾਲਕ ਨੂੰ 11,000 ਰੁਪਏ ਜੁਰਮਾਨਾ

10/16/2017 10:55:49 PM

ਪੰਚਕੂਲਾ(ਇੰਟ.)-ਕਾਰ ਦੀ ਬੁਕਿੰਗ ਤੋਂ 2 ਮਹੀਨੇ ਬਾਅਦ ਵੀ ਸ਼ੋਅ-ਰੂਮ ਮਾਲਕ ਨੇ ਕਾਰ ਡਲਿਵਰ ਨਹੀਂ ਕੀਤੀ। ਇਸ ਮਾਮਲੇ 'ਚ ਕੰਜ਼ਿਊਮਰ ਫੋਰਮ ਨੇ ਸ਼ੋਅ-ਰੂਮ ਮਾਲਕ 'ਤੇ 11,000 ਰੁਪਏ ਜੁਰਮਾਨਾ ਲਾਇਆ ਹੈ। 
ਕੀ ਹੈ ਮਾਮਲਾ
ਸੈਕਟਰ-19 ਦੇ ਅਜੇ ਕੁਮਾਰ ਨੇ 1 ਫਰਵਰੀ, 2017 ਨੂੰ ਇੰਡਸਟ੍ਰੀਅਲ ਏਰੀਆ ਫੇਜ਼-2 ਦੇ ਮਾਡਰਨ ਆਟੋਮੋਬਾਇਲਸ ਨਾਲ ਇਗਨਿਸ ਡੈਲਟਾ ਪੈਟਰੋਲ ਸਿਲਵਰ ਕਾਰ ਬੁੱਕ ਕਰਵਾਈ। ਇਸ ਲਈ ਉਸ ਨੇ 11,000 ਰੁਪਏ ਸ਼ੋਅ-ਰੂਮ 'ਚ ਜਮ੍ਹਾ ਕਰਵਾਏ। ਸ਼ੋਅ-ਰੂਮ ਕਰਮਚਾਰੀ ਨੇ 8 ਤੋਂ 10 ਹਫਤਿਆਂ 'ਚ ਕਾਰ ਡਲਿਵਰ ਹੋਣ ਦੀ ਗੱਲ ਕਹੀ। ਬੁਕਿੰਗ ਤੋਂ ਕਈ ਹਫਤੇ ਬੀਤਣ ਮਗਰੋਂ ਵੀ ਕਾਰ ਡਲਿਵਰ ਨਹੀਂ ਕੀਤੀ ਗਈ ਤੇ ਨਾ ਹੀ ਗਾਹਕ ਨੂੰ ਇਸ ਬਾਰੇ ਕੋਈ ਸੂਚਨਾ ਦਿੱਤੀ ਗਈ। ਜਦੋਂ ਪੀੜਤ ਨੇ ਸ਼ੋਅ-ਰੂਮ 'ਚ ਫੋਨ ਕਰ ਕੇ ਕਾਰ ਡਲਿਵਰ ਕਰਨ ਲਈ ਕਿਹਾ, ਸ਼ੋਅ-ਰੂਮ ਕਰਮਚਾਰੀ ਨੇ ਛੇਤੀ ਕਾਰ ਡਲਿਵਰ ਕਰਨ ਦਾ ਭਰੋਸਾ ਦਿੱਤਾ ਪਰ ਉਸ ਦੀ ਕੋਈ ਤਰੀਕ ਨਹੀਂ ਦੱਸੀ।
ਅਪ੍ਰੈਲ, 2017 'ਚ ਅਜੇ ਕੁਮਾਰ ਦੇ ਨੋਟਿਸ 'ਚ ਆਇਆ ਕਿ ਸ਼ੋਅ-ਰੂਮ ਵੱਲੋਂ ਇਗਨਿਸ ਡੈਲਟਾ ਪੈਟਰੋਲ ਸਿਲਵਰ ਕਾਰ ਕਿਸੇ ਹੋਰ ਗਾਹਕ ਨੂੰ ਡਲਿਵਰ ਕੀਤੀ ਗਈ ਹੈ। ਅਜਿਹੇ 'ਚ ਅਜੇ ਕੁਮਾਰ ਨੇ ਸ਼ੋਅ-ਰੂਮ ਕਰਮਚਾਰੀਆਂ ਨੂੰ ਕਾਰ ਡਲਿਵਰ ਕਰਨ ਲਈ ਕਿਹਾ ਅਤੇ ਇਸ ਵਾਰ ਵੀ ਸ਼ੋਅ-ਰੂਮ ਕਰਮਚਾਰੀਆਂ ਨੇ ਉਸ ਨੂੰ ਸਿਰਫ ਭਰੋਸਾ ਹੀ ਦਿੱਤਾ। 2 ਅਪ੍ਰੈਲ, 2017 ਨੂੰ ਅਜੇ ਕੁਮਾਰ ਦੇ ਭਰਾ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸ ਨੂੰ ਡਾਕਟਰ ਨੇ ਪਟਿਆਲਾ ਤੋਂ ਪੀ. ਜੀ. ਆਈ. ਚੰਡੀਗੜ੍ਹ ਇਲਾਜ ਲਈ ਰੈਫਰ ਕਰ ਦਿੱਤਾ। ਅਜੇ ਕੁਮਾਰ ਦੇ ਕੋਲ ਕਾਰ ਨਾ ਹੋਣ ਕਾਰਨ ਉਸ ਨੂੰ ਕਿਰਾਏ ਦੀ ਟੈਕਸੀ 'ਚ ਭਰਾ ਨੂੰ ਪੀ. ਜੀ. ਆਈ. ਲਿਜਾਣਾ ਪਿਆ। ਇਲਾਜ ਦੌਰਾਨ ਅਜੇ ਨੇ ਕਰੀਬ 2300 ਰੁਪਏ ਟੈਕਸੀ ਕਿਰਾਏ 'ਚ ਖਰਚ ਕੀਤੇ। 21 ਅਪ੍ਰੈਲ, 2017 ਨੂੰ ਅਜੇ ਕੁਮਾਰ ਨੇ ਸ਼ੋਅ-ਰੂਮ ਮਾਲਕ ਨੂੰ 2 ਦਿਨਾਂ 'ਚ ਕਾਰ ਡਲਿਵਰ ਕਰਨ ਲਈ ਕਿਹਾ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਕਾਰ ਨਹੀਂ ਮਿਲੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਅਜੇ ਕੁਮਾਰ ਨੇ ਸ਼ੋਅ-ਰੂਮ ਮਾਲਕ ਅਤੇ ਕਾਰ ਕੰਪਨੀ ਨੂੰ ਨੋਟਿਸ ਭੇਜ ਕੇ 1 ਲੱਖ ਰੁਪਏ ਮਾਨਸਿਕ ਪ੍ਰੇਸ਼ਾਨੀ ਸਮੇਤ ਬੁਕਿੰਗ ਰਾਸ਼ੀ ਵਾਪਸ ਕਰਨ ਲਈ ਕਿਹਾ ਅਤੇ ਕੰਜ਼ਿਊਮਰ ਫੋਰਮ 'ਚ ਵੀ ਸ਼ਿਕਾਇਤ ਦੇ ਦਿੱਤੀ।
ਕੀ ਕਿਹਾ ਫੋਰਮ ਨੇ 
ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੋਰਮ ਦੇ ਪ੍ਰਧਾਨ ਧਰਮਪਾਲ, ਮੈਂਬਰ ਜਗਮੋਹਨ ਸਿੰਘ ਤੇ ਅਨੀਤਾ ਕਪੂਰ ਦੀ ਬੈਂਚ ਨੇ ਆਪਣਾ ਫੈਸਲਾ ਸੁਣਾਇਆ। ਕੰਜ਼ਿਊਮਰ ਫੋਰਮ ਵੱਲੋਂ ਦਿੱਤੇ ਗਏ ਫੈਸਲੇ 'ਚ ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਮਾਡਰਨ ਆਟੋਮੋਬਾਇਲਸ ਨੂੰ ਸ਼ਿਕਾਇਤਕਰਤਾ ਦੀ ਬੁਕਿੰਗ ਰਾਸ਼ੀ 9 ਫ਼ੀਸਦੀ ਵਿਆਜ ਦੇ ਨਾਲ ਉਸ ਨੂੰ ਵਾਪਸ ਕੀਤੇ ਜਾਣ ਲਈ ਕਿਹਾ। ਨਾਲ ਹੀ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ-ਸਰੀਰਕ ਪ੍ਰੇਸ਼ਾਨੀ ਅਤੇ ਅਦਾਲਤੀ ਖਰਚੇ ਵਜੋਂ ਸ਼ੋਅ-ਰੂਮ ਮਾਲਕ 'ਤੇ 11,000 ਰੁਪਏ ਦਾ ਜੁਰਮਾਨਾ ਵੀ ਲਾਇਆ।