ਚਾਲੂ ਵਿੱਤੀ ਸਾਲ ''ਚ ਕੈਡ ਜੀ. ਡੀ. ਪੀ. ਦੇ 2.8 ਫ਼ੀਸਦੀ ''ਤੇ ਰਹੇਗਾ : ਰਿਪੋਰਟ

08/28/2018 4:17:19 AM

ਮੁੰਬਈ-ਦੇਸ਼ ਦੇ ਚਾਲੂ ਖਾਤੇ ਦਾ ਘਾਟਾ (ਕੈਡ) ਚਾਲੂ ਵਿੱਤੀ ਸਾਲ 'ਚ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 2.8 ਫ਼ੀਸਦੀ 'ਤੇ ਰਹੇਗਾ। ਐੱਸ. ਬੀ. ਆਈ. ਦੀ ਜਾਂਚ ਰਿਪੋਰਟ ਈਕੋ ਰੈਪ 'ਚ ਇਹ ਅੰਦਾਜ਼ਾ ਲਾਇਆ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਬਰਾਮਦ 'ਚ ਮੱਠੇ ਵਾਧੇ ਨਾਲ ਕੈਡ ਵਧੇਗਾ। ਰਿਪੋਰਟ ਅਨੁਸਾਰ ਵਸਤਾਂ ਦਾ ਵਪਾਰ ਅਸੰਤੁਲਨ ਵੀ 2018-19 'ਚ ਵਧ ਕੇ 188 ਅਰਬ ਡਾਲਰ 'ਤੇ ਪਹੁੰਚ ਜਾਣ ਦਾ ਅੰਦਾਜ਼ਾ ਹੈ, ਜੋ ਪਿਛਲੇ ਵਿੱਤੀ ਸਾਲ 'ਚ 160 ਅਰਬ ਡਾਲਰ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਤੇ ਬਰਾਮਦ ਦੇ ਸੁਸਤ ਵਾਧੇ ਦੀ ਵਜ੍ਹਾ ਨਾਲ ਚਾਲੂ ਖਾਤੇ ਦਾ ਘਾਟਾ ਚਾਲੂ ਵਿੱਤੀ ਸਾਲ 'ਚ ਜੀ. ਡੀ. ਪੀ. ਦਾ 2.8 ਫ਼ੀਸਦੀ ਯਾਨੀ 75 ਅਰਬ ਡਾਲਰ ਰਹੇਗਾ।
 ਜੁਲਾਈ 'ਚ ਵਪਾਰ ਘਾਟਾ ਵਧ ਕੇ 18 ਅਰਬ ਡਾਲਰ 'ਤੇ ਪਹੁੰਚ ਗਿਆ। ਉੱਚੇ ਦਰਾਮਦ ਬਿੱਲ ਵਿਚਾਲੇ ਬਰਾਮਦ ਦੇ ਕਮਜ਼ੋਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਵਪਾਰ ਘਾਟਾ ਵਧਿਆ ਹੈ। ਜੁਲਾਈ, 2018 'ਚ ਕੱਚੇ ਤੇਲ ਦੀ ਦਰਾਮਦ ਸਾਲਾਨਾ ਆਧਾਰ 'ਤੇ 57.4 ਫ਼ੀਸਦੀ ਵਧ ਕੇ 12.4 ਅਰਬ ਡਾਲਰ 'ਤੇ ਪਹੁੰਚ ਗਈ ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ 'ਚ 7.8 ਅਰਬ ਡਾਲਰ ਸੀ। ਰਿਪੋਰਟ 'ਚ ਅੰਦਾਜ਼ਾ ਲਾਇਆ ਗਿਆ ਹੈ ਕਿ ਜੇਕਰ ਕੱਚੇ ਤੇਲ ਦੇ ਮੁੱਲ 2017 ਦੇ ਪੱਧਰ 'ਤੇ ਹੀ ਰਹਿੰਦੇ ਤਾਂ ਕੱਚੇ ਤੇਲ ਦਾ ਦਰਾਮਦ ਬਿੱਲ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 31.7 ਫ਼ੀਸਦੀ ਘੱਟ ਰਹਿੰਦਾ।


Related News