ਹੁਣ LPG ਦੀ ਤਰ੍ਹਾਂ ਖਾਤੇ 'ਚ ਮਿਲੇਗੀ ਬਿਜਲੀ ਸਬਸਿਡੀ, ਇਹ ਹੈ ਪਲਾਨ

07/08/2019 3:16:26 PM

ਨਵੀਂ ਦਿੱਲੀ—  ਜਲਦ ਹੀ ਬਿਜਲੀ ਸਬਸਿਡੀ ਵੀ ਐੱਲ. ਪੀ. ਜੀ. ਯਾਨੀ ਰਸੋਈ ਗੈਸ ਦੀ ਤਰ੍ਹਾਂ ਸਿੱਧੇ ਬੈਂਕ ਖਾਤੇ 'ਚ ਮਿਲੇਗੀ। ਕੇਂਦਰੀ ਬਿਜਲੀ ਮੰਤਰਾਲਾ ਨੇ ਨਵੀਂ ਟੈਰਿਫ ਪਾਲਿਸੀ ਬਣਾ ਲਈ ਹੈ ਤੇ ਇਹ ਸਾਰੇ ਮੰਤਰਾਲਿਆਂ ਕੋਲੋਂ ਮਨਜ਼ੂਰੀ ਲਈ ਵੀ ਭੇਜ ਦਿੱਤੀ ਗਈ ਹੈ। ਇਸ 'ਤੇ ਇਕ ਹਫਤੇ 'ਚ ਫੈਸਲਾ ਹੋਣ ਦੀ ਉਮੀਦ ਹੈ। ਬਿਜਲੀ ਮੰਤਰਾਲਾ ਦੇ ਇਕ ਅਧਿਕਾਰੀ ਮੁਤਾਬਕ, ਨਵੀਂ ਟੈਰਿਫ ਨੀਤੀ 'ਚ ਬਿਜਲੀ ਸਬਸਿਡੀ ਨੂੰ ਲੈ ਕੇ ਵੱਡਾ ਬਦਲਾਵ ਕੀਤਾ ਜਾ ਰਿਹਾ ਹੈ।
 

 

ਨਵੀਂ ਟੈਰਿਫ ਪਾਲਿਸੀ 'ਚ ਬਿਜਲੀ ਸਬਸਿਡੀ ਸਿੱਧੇ ਬੈਂਕ ਖਾਤੇ 'ਚ ਭੇਜਣ ਦਾ ਪ੍ਰਸਤਾਵ ਹੈ। ਜਾਣਕਾਰੀ ਮੁਤਾਬਕ, ਨਰਿੰਦਰ ਮੋਦੀ ਸਰਕਾਰ ਨੇ ਸਾਰੇ ਰਾਜਾਂ ਨੂੰ ਇਕ ਸਾਲ ਅੰਦਰ ਬਿਜਲੀ ਨਾਲ ਸਿੰਚਾਈ ਕਰਨ ਵਾਲੇ ਕਿਸਾਨਾਂ ਦਾ ਰਿਕਾਰਡ ਬਣਾਉਣ ਨੂੰ ਕਿਹਾ ਹੈ, ਤਾਂ ਕਿ ਅਗਲੇ ਵਿੱਤੀ ਸਾਲ ਤੋਂ ਉਨ੍ਹਾਂ ਦੇ ਬੈਂਕ ਖਾਤੇ 'ਚ ਬਿਜਲੀ ਸਬਸਿਡੀ ਭੇਜੀ ਜਾ ਸਕੇ। ਇਸ ਨੂੰ ਹਰੀ ਝੰਡੀ ਮਿਲਣ ਤੋਂ ਤਿੰਨ ਸਾਲਾਂ 'ਚ ਹਰ ਘਰ 'ਚ ਬਿਜਲੀ ਪਹੁੰਚਾਉਣ ਤੇ ਸਮਾਰਟ ਮੀਟਰ ਲਾਉਣ ਦਾ ਰਸਤਾ ਵੀ ਸਾਫ ਹੋ ਜਾਵੇਗਾ। 

ਗਾਹਕਾਂ ਨੂੰ ਆਸਾਨ ਕਿਸ਼ਤਾਂ 'ਤੇ ਸਮਾਰਟ ਮੀਟਰ ਉਪਲੱਬਧ ਕਰਵਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਨੀਤੀ 'ਚ 24 ਘੰਟੇ ਬਿਜਲੀ ਸਪਲਾਈ ਯਕੀਨੀ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਤਹਿਤ ਬਿਜਲੀ ਸਪਲਾਈ ਬਿਨਾਂ ਦੱਸੇ ਬੰਦ ਕਰਨ 'ਤੇ ਗਾਹਕਾਂ ਨੂੰ ਹਰਜਾਨਾ ਦੇਣ ਦੀ ਵੀ ਵਿਵਸਥਾ ਕੀਤੀ ਗਈ ਹੈ, ਨਾਲ ਹੀ ਬਿਜਲੀ ਚੋਰੀ ਨਾ ਰੋਕ ਸਕਣ 'ਤੇ ਕੰਪਨੀਆਂ 'ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।


Related News