Bye-Bye 2019 : ਅਰਬਪਤੀਆਂ ਦੀ ਸੂਚੀ ''ਚ ਇਨ੍ਹਾਂ ਦਿੱਗਜਾਂ ਨੇ ਬਣਾਈ ਥਾਂ, ਕੁਝ ਹੋਏ ਬਾਹਰ

12/31/2019 5:10:40 PM

ਨਵੀਂ ਦਿੱਲੀ — ਸਾਲ 2019 'ਚ ਭਾਰਤ ਦੇ ਅਰਬਪਤੀਆਂ ਦੀ ਸੂਚੀ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਇਸ ਸਾਲ ਸੂਚੀ ਵਿਚ 10 ਨਵੇਂ ਪ੍ਰਮੋਟਰ ਸ਼ਾਮਲ ਹੋਏ ਹਨ। ਕਾਰਪੋਰੇਟ ਆਮਦਨ ਟੈਕਸ 'ਚ ਕਮੀ ਦੇ ਐਲਾਨ ਤੋਂ ਬਾਅਦ ਇਨ੍ਹਾਂ ਪ੍ਰਮੋਟਰਾਂ ਦੀ ਕੰਪਨੀਆਂ ਦੇ ਸ਼ੇਅਰਾਂ 'ਚ ਵੱਡਾ ਵਾਧਾ ਦਰਜ ਕੀਤਾ ਗਿਆ, ਜਿਸ ਦੇ ਦਮ 'ਤੇ ਇਹ ਪ੍ਰਮੋਟਰ ਆਪਣਾ ਨਾਂ ਇਸ ਸੂਚੀ ਵਿਚ ਦਰਜ ਕਰਵਾਉਣ 'ਚ ਕਾਮਯਾਬ ਹੋ ਸਕੇ।

ਦੂਜੇ ਪਾਸੇ ਦੇਸ਼ 12 ਪ੍ਰਮੋਟਰ ਇਸ ਸੂਚੀ ਵਿਚੋਂ ਬਾਹਰ ਹੋ ਗਏ ਹਨ। ਇਹ ਉਨ੍ਹਾਂ ਦੀਆਂ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਕਮੀ ਜਾਂ ਉਨ੍ਹਾਂ ਵਲੋਂ ਆਪਣੇ ਸ਼ੇਅਰ ਵੇਚਣ ਕਾਰਨ ਹੋਇਆ ਹੋ ਸਕਦਾ ਹੈ। ਇਸ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਉਣ ਵਾਲਿਆਂ ਵਿਚ ਰਿਲੈਕਸੋ ਫੁਟਵੇਅਰ ਦੇ ਰਮੇਸ਼ ਦੁਆ, ਪੀਆਈ ਇੰਡਸਟਰੀਜ਼ ਦੇ ਮਯੰਕ ਸਿੰਘਲ ਅਤੇ ਪ੍ਰੈਸਟੀਜ ਅਸਟੇਟ ਦੇ ਇਰਫਾਨ ਰਜ਼ਾਕ ਸਭ ਤੋਂ ਅੱਗੇ ਰਹੇ ਹਨ। ਅਨਿਲ ਅੰਬਾਨੀ, ਯੈਸ ਬੈਂਕ ਦੇ ਰਾਣਾ ਕਪੂਰ ਅਤੇ ਐਸਲ ਗਰੁੱਪ ਦੇ ਸੁਭਾਸ਼ ਚੰਦਰ ਕੁਝ ਅਜਿਹੇ ਵੱਡੇ ਨਾਮ ਹਨ ਜਿਹੜੇ ਕਿ ਇਸ ਸਾਲ ਸੂਚੀ ਤੋਂ ਬਾਹਰ ਹੋ ਗਏ ਹਨ।

ਇਸ ਵੱਡੇ ਬਦਲਾਅ ਦਾ ਨਤੀਜਾ ਇਹ ਹੋਇਆ ਕਿ ਦਸੰਬਰ 2019 ਵਿਚ ਇਸ ਸਮੂਹ ਦਾ ਆਕਾਰ ਘੱਟ ਹੋ ਕੇ 78 ਹੋ ਗਿਆ ਜਿਹੜਾ ਕਿ ਦਸੰਬਰ 2018 ਵਿਚ 80 ਹੁੰਦਾ ਸੀ। ਇਹ ਵਿਸ਼ਲੇਸ਼ਣ 28 ਦਸੰਬਰ 2019 ਤੱਕ ਪ੍ਰਮੋਟਰਾਂ ਦੀ 1 ਅਰਬ ਡਾਲਰ ਜਾਂ ਇਸ ਤੋਂ ਵੱਧ ਦੀ ਸ਼ੁੱਧ ਸੰਪਤੀ 'ਤੇ ਅਧਾਰਤ ਹੈ। ਇਨ੍ਹਾਂ ਦੀ ਸ਼ੁੱਧ ਜਾਇਦਾਦ ਦੀ ਗਣਨਾ ਇਕ ਡਾਲਰ-ਰੁਪਈਏ ਦੇ ਮਹੀਨਾਵਾਰ ਐਕਸਚੇਂਜ ਦਰ 71 ਨੂੰ ਮੰਨ ਕੇ ਕੀਤਾ ਗਿਆ ਹੈ। ਸਾਲ 2019 'ਚ ਖਪਤਕਾਰ ਉਤਪਾਦਾਂ ਦੇ ਨਿਰਮਾਤਾ, ਰੀਅਲ ਅਸਟੇਟ ਵਿਕਸਤ ਕਰਨ ਵਾਲੇ ਅਤੇ ਪ੍ਰਚੂਨ ਬੈਂਕ ਸਭ ਤੋਂ ਵੱਧ ਮੁਨਾਫ਼ੇ ਵਿਚ ਰਹੇ ਜਦੋਂਕਿ ਦਵਾਈ ਕਾਰੋਬਾਰੀ, ਵਾਹਨ ਨਿਰਮਾਤਾ ਅਤੇ ਪੂੰਜੀਗਤ ਵਸਤੂ ਕੰਪਨੀਆਂ ਦੇ ਮਾਲਕਾਂ ਦੀ ਦੌਲਤ ਵਿਚ ਸਾਲ ਭਰ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਇਹ ਹਨ ਨਵੇਂ ਅਰਬਪਤੀ

ਪ੍ਰਮੋਟਰ                                       ਕੰਪਨੀ

ਰਮੇਸ਼ ਕੁਮਾਰ ਦੂਆ                      ਰਿਲੈਕਸੋ ਫੁੱਟਵਿਅਰ
ਨਾਰਾਇਣ ਕੇ ਸ਼ੇਸ਼ਾਦਰੀ                 ਪੀ.ਆਈ. ਇੰਡਸਟਰੀਜ਼
ਅਰੁਣ ਭਰਤ ਰਾਮ                      ਐਸ.ਆਰ.ਐਫ
ਇਰਫਾਨ ਰੱਜ਼ਾਕ                       ਪ੍ਰੈਸਟੀਜ ਅਸਟੇਟ
ਜੀ. ਮੱਲਿਕਾਰਜੁਨ ਰਾਵ               ਜੀ.ਐਮ.ਆਰ. ਇੰਫਰਾ
ਸੰਜੇ ਅਗਰਵਾਲ                        ਏ.ਯੂ. ਸਮਾਲ ਫਾਇਨਾਂਸ ਬੈਂਕ
ਮੋਤੀਲਾਲ ਓਸਵਾਲ                    ਮੋਤੀਲਾਲ ਓਸਵਾਲ ਫਾਇਨਾਂਸ ਸਰਵਿਸਿਜ਼
ਅਤੁਲ ਰੂਈਆ                          ਫੀਨਿਕਸ ਮਿੱਲਸ
ਵਿਨੋਦ ਸਰਾਫ                          ਵਿਨਤੀ ਆਰਗੈਨਿਕਸ
ਰਵੀ ਰਹੇਜਾ                             ਸ਼ਾਲੇ ਹੋਟਲਸ
ਅਰਵਿੰਦ ਲਾਲ                          ਡਾ. ਲਾਲ ਪੈਥ ਲੈਬਸ

ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹੋਏ ਨਵੇਂ ਨਾਂ

ਰਿਲੈਕਸੋ ਫੁਟਵੇਅਰ ਦੇ ਪ੍ਰਮੋਟਰ ਅਤੇ ਮੈਨੇਜਿੰਗ ਡਾਇਰੈਕਟਰ ਰਮੇਸ਼ ਦੂਆ ਅਰਬਪਤੀਆਂ ਦੇ ਸਮੂਹ ਦੇ ਨਵੇਂ ਮੈਂਬਰ ਹਨ ਅਤੇ ਇਨ੍ਹਾਂ ਨੇ ਹੀ ਸਭ ਤੋਂ ਵੱਧ ਲਾਭ ਕਮਾਇਆ ਹੈ। ਇਨ੍ਹਾਂ ਦੇ ਪਰਿਵਾਰ ਦੀ ਜਾਇਦਾਦ ਪਿਛਲੇ 12 ਮਹੀਨਿਆਂ ਦੌਰਾਨ 65 ਪ੍ਰਤੀਸ਼ਤ ਵੱਧ ਕੇ 10,800 ਕਰੋੜ ਰੁਪਏ ਹੋ ਗਈ ਹੈ। ਦਸੰਬਰ 2018 ਦੇ ਅੰਤ ਵਿਚ  ਉਨ੍ਹਾਂ ਦੇ ਪਰਿਵਾਰ ਦੀ ਕੁਲ ਸੰਪਤੀ 6,500 ਕਰੋੜ ਰੁਪਏ (90 ਮਿਲੀਅਨ ਡਾਲਰ) ਸੀ।


ਇਸ ਸਾਲ ਸਤੰਬਰ ਦੇ ਅੰਤ 'ਚ ਦੂਆ ਪਰਿਵਾਰ ਦੀ ਰਿਲੈਕਸੋ ਵਿਚ 71 ਪ੍ਰਤੀਸ਼ਤ ਹਿੱਸੇਦਾਰੀ ਸੀ। ਮੌਜੂਦਾ ਕੈਲੰਡਰ ਸਾਲ ਵਿਚ ਕੰਪਨੀ ਦੇ ਮਾਰਕੀਟ ਪੂੰਜੀਕਰਣ ਵਿਚ 72 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਇਸ ਤਰ੍ਹਾਂ ਇਹ ਬਾਜ਼ਾਰ ਵਿਚ ਸਭ ਤੋਂ ਵੱਧ ਪ੍ਰਦਰਸ਼ਨ ਕਰਨ ਵਾਲਾ ਉਪਭੋਗਤਾ ਸ਼ੇਅਰ ਰਿਹਾ। ਇਸ ਸੂਚੀ ਵਿਚ ਖੇਤੀਬਾੜੀ ਰਸਾਇਣ ਨਿਰਮਾਤਾ ਕੰਪਨੀ ਪੀ.ਆਈ. ਇੰਡਸਟਰੀਜ਼ ਦੇ ਮਯੰਕ ਸਿੰਘਲ ਦਾ ਨਾਮ ਵੀ ਜੁੜਿਆ ਹੈ। ਇਸ ਸਾਲ ਪੀ.ਆਈ. ਇੰਡਸਟਰੀਜ਼ ਦੇ ਸ਼ੇਅਰ ਕੀਮਤ 70.4 ਪ੍ਰਤੀਸ਼ਤ ਵਧੀ ਹੈ। ਸਿੰਘਲ ਪਰਿਵਾਰ ਦੀ ਸ਼ੁੱਧ ਸੰਪਤੀ ਹੁਣ ਲਗਭਗ 10,400 ਕਰੋੜ ਰੁਪਏ (1.5 ਬਿਲੀਅਨ ਡਾਲਰ) ਹੋ ਗਈ ਹੈ, ਜਿਹੜੀ ਕਿ ਦਸੰਬਰ 2018 ਦੇ ਅੰਤ ਵਿਚ 6,000 ਕਰੋੜ ਰੁਪਏ ਸੀ। ਕੰਪਨੀ 'ਚ ਸਿੰਘਲ ਪਰਿਵਾਰ ਦੀ 51.4 ਪ੍ਰਤੀਸ਼ਤ ਹਿੱਸੇਦਾਰੀ ਹੈ।

ਬੰਗਲੁਰੂ ਸਥਿਤ ਰੀਅਲ ਅਸਟੇਟ ਕੰਪਨੀ ਪ੍ਰੈਸਟੀਜ ਅਸਟੇਟ ਪ੍ਰੋਜੈਕਟਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਇਰਫਾਨ ਰੱਜਾਕ ਵੀ ਅਰਬਪਤੀਆਂ ਦੇ ਸਮੂਹ ਵਿਚ ਸ਼ਾਮਲ ਹੋ ਗਏ ਹਨ। ਕੰਪਨੀ 'ਚ ਉਸਦੇ ਪਰਿਵਾਰ ਦੀ ਹਿੱਸੇਦਾਰੀ ਦੀ ਕੀਮਤ ਹੁਣ ਤਕਰੀਬਨ 8,800 ਕਰੋੜ ਰੁਪਏ ਬਣਦੀ ਹੈ। ਇਸ ਵਿਚ ਇਸ ਸਾਲ ਹੁਣ ਤੱਕ 53.4 ਫੀਸਦੀ ਦੀ ਤੇਜ਼ੀ ਆਈ ਹੈ।

ਕੰਪਨੀ 'ਚ ਰੱਜਾਕ ਪਰਿਵਾਰ ਦੀ 70 ਪ੍ਰਤੀਸ਼ਤ ਹਿੱਸੇਦਾਰੀ ਹੈ। ਸਮੂਹ ਵਿਚ ਸ਼ਾਮਲ ਨਵੇਂ ਚਿਹਰਿਆਂ ਵਿਚ ਜੀ.ਐੱਮ.ਆਰ. ਇੰਫਰਾ ਦੇ ਜੀ.ਐਮ. ਰਾਵ, ਏ.ਯੂ. ਸਮਾਲ ਵਿੱਤ ਬੈਂਕ ਦੇ ਸੰਜੇ ਅਗਰਵਾਲ ਅਤੇ ਮੋਤੀ ਲਾਲ ਓਸਵਾਲ ਵਿੱਤੀ ਸੇਵਾਵਾਂ ਦੇ ਮੋਤੀ ਲਾਲ ਓਸਵਾਲ ਅਤੇ ਰਾਮਦੇਵ ਅਗਰਵਾਲ ਸ਼ਾਮਲ ਹਨ। ਦੂਜੇ ਪਾਸੇ ਸੋਲਰ ਇੰਡਸਟਰੀਜ਼ ਦੇ ਸੱਤਿਆਨਾਰਾਇਣ ਨਵਲ, ਹਡਸਨ ਐਗਰੋ ਪ੍ਰੋਡਕਟਸ ਦੇ ਆਰ.ਜੀ. ਚੰਦਰਮੋਗਨ, ਅੰਜਤਾ ਫਾਰਮਾ ਦੇ ਮੰਨਾਲਾਲ ਅਗਰਵਾਲ ਅਤੇ ਨੁਸਲੀ ਵਾਡੀਆ ਅਰਬਪਤੀਆਂ ਦੀ ਸੂਚੀ ਵਿਚੋਂ ਬਾਹਰ ਹੋ ਗਏ ਹਨ।

ਪ੍ਰਮੁੱਖ ਕੰਪਨੀਆਂ ਵਿਚ ਉਨ੍ਹਾਂ ਦੇ ਸ਼ੇਅਰਾਂ ਦੀ ਕੀਮਤ 'ਚ ਗਿਰਾਵਟ ਦੇ ਕਾਰਨ ਅਜਿਹਾ ਹੋਇਆ ਹੈ। ਜ਼ਿਕਰਯੋਗ ਹੈ ਕਿ ਬ੍ਰਿਟਾਨੀਆ ਇੰਡਸਟਰੀਜ਼ 'ਚ ਨੁਸਲੀ ਵਾਡੀਆ ਦੀ ਹਿੱਸੇਦਾਰੀ ਬੰਬੇ ਬਰਮਾ ਕੋਲ ਹੈ। ਇਹ ਮੁਨਾਫੇ ਅਤੇ ਮਾਰਕੀਟ ਪੂੰਜੀਕਰਣ ਦੇ ਲਿਹਾਜ਼ ਨਾਲ ਇਕ ਛੋਟੀ ਜਿਹੀ ਕੰਪਨੀ ਹੈ। ਅਜਿਹਾ ਹੀ ਹਾਲ ਐਸ.ਆਰ.ਐਫ. ਦੇ ਅਰੁਣ ਭਰਤ ਰਾਮ ਅਤੇ ਟੀ.ਵੀ.ਐਸ. ਮੋਟਰ ਦੇ ਵੇਨੂ ਸ੍ਰੀਨਿਵਾਸਨ ਦੇ ਮਾਮਲੇ 'ਚ ਹੋਇਆ ਹੈ।