2035 ਤੱਕ ਦੁਨੀਆ ’ਚ ਪੈਟਰੋਲ-ਡੀਜ਼ਲ ਦੀ ਮੰਗ ਉੱਚ ਪੱਧਰ ’ਤੇ ਹੋਵੇਗੀ ਪਰ ਭਾਰਤ ’ਚ ਨਹੀਂ

03/19/2021 11:06:15 AM

ਨਵੀਂ ਦਿੱਲੀ (ਭਾਸ਼ਾ) – ਪੈਟਰੋਲੀਅਮ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੁਨੀਆ ’ਚ ਪੈਟਰੋਲ ਦੀ ਮੰਗ 2020 ਦੇ ਦਹਾਕੇ ਦੇ ਅੰਤ ਤੱਕ ਅਤੇ ਡੀਜ਼ਲ ਦੀ ਮੰਗ 2035 ਤੱਕ ਆਪਣੇ ਸਿਖਰ ’ਤੇ ਪਹੁੰਚ ਸਕਦੀ ਹੈ ਪਰ ਭਾਰਤ ’ਚ ਅਰਥਵਿਵਸਥਾ ਦਾ ਵਿਸਤਾਰ ਜਾਰੀ ਰਹਿਣ ਕਾਰਣ ਇਨ੍ਹਾਂ ਪੈਟਰੋਲੀਅਮ ਈਂਧਨਾਂ ਦੀ ਮੰਗ ’ਚ ਵਾਧਾ ਘੱਟ ਤੋਂ ਘੱਟ 2040 ਤੱਕ ਜਾਰੀ ਰਹੇਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਜੁਆਇੰਟ ਸਕੱਤਰ (ਰਿਫਾਇਨਰੀ) ਸੁਨੀਲ ਕੁਮਾਰ ਨੇ ‘ਇੰਡੀਆ ਕੇਮ 2021’ ਸੰਮੇਲਨ ’ਚ ਕਿਹਾ ਕਿ ਦੇਸ਼ ’ਚ ਅਗਲੇ ਕੁਝ ਦਹਾਕਿਆਂ ਦੌਰਾਨ ਵੱਖ-ਵੱਖ ਊਰਜਾ ਪ੍ਰਣਾਲੀਆਂ ਨਾਲ-ਨਾਲ ਬਣੀਆਂ ਰਹਿਣਗੀਆਂ ਕਿਉਂਕਿ ਮੰਗ ਮਜ਼ਬੂਤ ਰਹਿਣ ਦੀ ਉਮੀਦ ਹੈ। ਨਵਿਆਉਣਯੋਗ ਈਂਧਨ ਦੇ ਵਿਕਾਸ, ਬਦਲ ਈਂਧਨ ਦੀ ਉਪਲਬਧਤਾ ਅਤੇ ਇਲੈਕਟ੍ਰਿਕ ਵਾਹਨਾਂ ਦੇ ਆਗਮਨ ਨਾਲ ਆਉਣ ਵਾਲੇ ਸਾਲਾਂ ’ਚ ਪੈਟਰੋਲੀਅਮ ਈਂਧਨ ਦੀ ਮੰਗ ਪ੍ਰਭਾਵਿਤ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ 2020 ਦੇ ਦਹਾਕੇ ਦੇ ਅੰਤ ਤੱਕ ਪੈਟਰੋਲ ਅਤੇ 2035 ਤੱਕ ਡੀਜ਼ਲ ਦੀ ਮੰਗ ਆਪਣੇ ਸਿਖਰ ’ਤੇ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਭਾਰਤ ’ਚ ਅਗਲੇ ਕੁਝ ਦਹਾਕਿਆਂ ਦੌਰਾਨ ਜੈਵਿਕ ਬਾਲਣ ਦੇ ਨਾਲ ਹੀ ਵੱਖ-ਵੱਖ ਊਰਜਾ ਪ੍ਰਣਾਲੀਆਂ ਇਕੱਠੀਆਂ ਬਣੀਆਂ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੀ ਮੰਗ ਭਵਿੱਖ ’ਚ ਮਜ਼ਬੂਤ ਰਹਿਣ ਦੀ ਉਮੀਦ ਹੈ, ਘੱਟ ਤੋਂ ਘੱਟ 2040 ਤੱਕ ਕਿਉਂਕਿ ਅਸੀਂ ਵਾਧਾ ਕਰ ਰਹੇ ਹਾਂ।

ਉਨ੍ਹਾਂ ਨੇ ਕਿਹਾ ਕਿ ਨਵੇਂ ਸ੍ਰੋਤਾਂ ਦੇ ਬਾਵਜੂਦ ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੀ ਮੰਗ ਵਧਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਡੀਜ਼ਲ-ਪੈਟਰੋਲ ਦੀ ਮੰਗ ਜਦੋਂ ਤੱਕ ਸਿਖਰ ’ਤੇ ਪਹੁੰਚੇ ਉਸ ਸਮੇਂ ਤੱਕ ਭਾਰਤ ਦੇ ਪੈਟਰੋਲੀਅਮ ਉਦਯੋਗ ਨੂੰ ਨਵੇਂ ਭਵਿੱਖ ਦੀ ਤਿਆਰੀ ਕਰਨੀ ਚਾਹੀਦੀ ਹੈ ਜਿਥੇ ਕੱਚੇ ਤੇਲ ਨੂੰ ਈਂਧਨ ’ਚ ਬਦਲਣ ਦੀ ਥਾਂ ਸਿੱਧੇ ਰਸਾਇਣਾਂ ’ਚ ਬਦਲਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪੈਟਰੋ-ਰਸਾਇਣ ਕੋਈ ਬਦਲ ਨਹੀਂ ਸਗੋਂ ਲੋੜ ਬਣਨ ਜਾ ਰਿਹਾ ਹੈ।

Harinder Kaur

This news is Content Editor Harinder Kaur